ਭਾਰਤ ਤੋਂ 41 ਕੈਨੇਡੀਅਨ ਡਿਪਲੋਮੈਟਾਂ ਦੀ ਵਾਪਸੀ ਤੋਂ ਬਾਅਦ ਇਹ ਮੁੱਦਾ ਕਾਫੀ ਗਰਮਾ ਗਿਆ ਹੈ। ਦੋਵੇਂ ਦੇਸ਼ ਇੱਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਕੌਮਾਂਤਰੀ ਕਾਨੂੰਨ ਦੇ ਉਲਟ ਹੈ। ਇਹ ਭਾਰਤ ਦਾ ਇਕਪਾਸੜ ਫੈਸਲਾ ਹੈ। ਇਹ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈ। ਪੀਐਮ ਟਰੂਡੋ ਨੇ ਕਿਹਾ ਕਿ ਇਸ ਫੈਸਲੇ ਨਾਲ ਭਾਰਤ ਸਰਕਾਰ ਨੇ ਲੱਖਾਂ ਲੋਕਾਂ ਦਾ ਜੀਵਨ ਮੁਸ਼ਕਿਲ ਕਰ ਦਿੱਤਾ ਹੈ। ਸਾਰੇ ਦੇਸ਼ਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਦੀ ਦੇਸ਼ ਵਾਪਸੀ ਨੂੰ ਲੈ ਕੇ ਟਰੂਡੋ ਸਰਕਾਰ ਵੱਲੋਂ ਲਗਾਏ ਗਏ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਬਰਾਬਰ ਗਿਣਤੀ ਯਕੀਨੀ ਬਣਾਉਣਾ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਨਹੀਂ ਹੈ। ਭਾਰਤ ਨੇ ਕਿਹਾ ਕਿ ਸਾਡਾ ਕਦਮ ਵਿਆਨਾ ਕਨਵੈਨਸ਼ਨ ਦੀ ਧਾਰਾ 11.1 ਨਾਲ ਪੂਰੀ ਤਰ੍ਹਾਂ ਇਕਸਾਰ ਹੈ।