ਕੈਨੇਡਾ ਪੜ੍ਹਨ ਲਈ ਗਏ ਭਾਰਤੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸਨ, ਉਨ੍ਹਾਂ ‘ਤੇ ਹੁਣ ਦੇਸ਼ ਨਿਕਾਲੇ ਦੀ ਯਾਨੀ ਕਿ ਡਿਪੋਰਟ ਹੋਣ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਭਾਰਤੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੀ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਉਥੇ ਪੁਲਿਸ ਕਰਮਚਾਰੀਆਂ ਦੇ ਕੰਮ ‘ਚ ਰੁਕਾਵਟ ਪਾਈ ਸੀ। ਇਹ ਵਿਦਿਆਰਥੀ ਕਾਰ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਰਹੇ ਸਨ ਅਤੇ ਹੰਗਾਮਾ ਕਰ ਰਹੇ ਸਨ।
ਇਹ ਘਟਨਾ ਕੈਨੇਡਾ ਦੇ ਸਰੀ ‘ਚ ਸਟ੍ਰਾਬੇਰੀ ਹਿਲਸ ਐਵੇਨਿਊ (ਸਰੀ, ਬ੍ਰਿਟਿਸ਼ ਕੋਲੰਬੀਆ) ‘ਤੇ ਵਾਪਰੀ ਸੀ। ਭਾਰਤੀ ਵਿਦਿਆਰਥੀ ਇੱਕ ਮੋਡੀਫਾਈਡ ਕਾਰ ਵਿੱਚ ਸਪੀਕਰ ਲਗਾ ਕੇ ਤਿੰਨ ਘੰਟੇ ਤੱਕ ਚੱਕਰ ਲਗਾ ਰਹੇ ਸਨ ਅਤੇ ਉੱਚੀ-ਉੱਚੀ ਗਾ ਰਹੇ ਸਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਕੈਨੇਡੀਅਨ ਪੁਲਿਸ ਵਿੱਚ ਪੰਜਾਬੀ ਮੂਲ ਦੇ ਕਾਂਸਟੇਬਲ ਸਰਬਜੀਤ ਸੰਘਾ ਨੇ ਇੰਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਦੇਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਸੰਗੀਤ ਬੰਦ ਕਰਨ ਅਤੇ ਹੰਗਾਮਾ ਬੰਦ ਕਰਨ ਲਈ ਕਿਹਾ ਪਰ ਵਿਦਿਆਰਥੀਆਂ ਨੇ ਗੱਲ ਨਹੀਂ ਸੁਣੀ। ਉਨਾਂ ਨੇ ਮਿਊਜ਼ਿਕ ਉੱਚਾ ਕਰ ਦਿੱਤਾ, ਜਿਸ ਕਾਰਨ ਕਾਰ ਵੀ ਕੰਬ ਰਹੀ ਸੀ। ਪੁਲਿਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਾਰ ਦੇ ਡਰਾਈਵਰ ਨੂੰ ਦੁਬਾਰਾ ਨੋਟਿਸ ਜਾਰੀ ਕੀਤਾ। ਨੋਟਿਸ ਤੋਂ ਬਾਅਦ ਕਾਰ ਚਾਲਕ ਨੂੰ ਤੁਰੰਤ ਪ੍ਰਭਾਵ ਨਾਲ ਸਪੀਕਰ ਹਟਾ ਦੇਣਾ ਚਾਹੀਦਾ ਸੀ ਪਰ ਉਹ ਨਹੀਂ ਮੰਨਿਆ।
ਇਸ ਦੇ ਉਲਟ ਵਿਦਿਆਰਥੀਆਂ ਨੇ ਪੁਲਿਸ ਕਾਂਸਟੇਬਲ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਨੇ ਕਾਂਸਟੇਬਲ ਨਾਲ ਵੀ ਕੀਤੀ ਬਦਸਲੂਕੀ, ਉਸ ਦਾ ਰਸਤਾ ਵੀ ਰੋਕਿਆ। ਕਾਰ ਵਿੱਚ ਸਵਾਰ ਨੌਜਵਾਨਾਂ ਨੇ ਪੁਲਿਸ ਦੀ ਗੱਡੀ ਨੂੰ ਵੀ ਰੋਕ ਲਿਆ। ਇਸ ਤੋਂ ਬਾਅਦ ਸਾਰੇ ਪੁਲਿਸ ਦੀ ਗੱਡੀ ‘ਤੇ ਚੜ੍ਹ ਕੇ ਬੈਠ ਗਏ। ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ। ਇੱਕ ਵਿਦਿਆਰਥੀ ਨੇ ਪੁਲਿਸ ਕਾਰ ਦੇ ਡਰਾਈਵਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਹੈ।
ਕਾਂਸਟੇਬਲ ਸੰਘਾ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਵੀਡੀਓ ‘ਚ ਕਰੀਬ 40 ਵਿਦਿਆਰਥੀ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਘਰੋਂ ਪੜ੍ਹਨ ਲਈ ਗਏ ਵਿਦਿਆਰਥੀਆਂ ਵੱਲੋਂ ਗੁੰਡਾਗਰਦੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਵੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਵਰਗੀ ਕਾਰਵਾਈ ਹੋਈ ਸੀ।