ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਨੀਤੀਗਤ ਟਕਰਾਅ ਕਾਰਨ ਅਸਤੀਫਾ ਦੇ ਦਿੱਤਾ ਹੈ। ਕ੍ਰਿਸਟੀਆ ਫ੍ਰੀਲੈਂਡ ਟਰੂਡੋ ਦੇ ਬਹੁਤ ਨਜ਼ਦੀਕੀ ਅਤੇ ਭਰੋਸੇਮੰਦ ਨੇਤਾਵਾਂ ਵਿੱਚੋਂ ਇੱਕ ਰਹੇ ਹਨ। ਅਸਤੀਫਾ ਦਿੰਦੇ ਹੋਏ ਕ੍ਰਿਸਟੀਆ ਨੇ ਟਰੂਡੋ ਦੀ ਸਖ਼ਤ ਆਲੋਚਨਾ ਕੀਤੀ ਹੈ, ਉਹ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਤੋਂ ਤੁਸੀਂ ਅਤੇ ਮੈਂ ਕੈਨੇਡਾ ਦੇ ਅੱਗੇ ਜਾਣ ਦੇ ਰਾਹ ਨੂੰ ਲੈ ਕੇ ਦੁਚਿੱਤੀ ਵਿੱਚ ਹਾਂ। ਕ੍ਰਿਸਟੀਆ ਨੇ ਆਪਣੀ ਪੋਸਟ ‘ਚ ਅਮਰੀਕਾ ਦੀਆਂ ਨੀਤੀਆਂ ਦਾ ਵੀ ਜ਼ਿਕਰ ਕੀਤਾ ਹੈ।
ਕ੍ਰਿਸਟੀਆ ਫ੍ਰੀਲੈਂਡ ਨੇ ਆਪਣੀ ਪੋਸਟ ‘ਚ ਕਿਹਾ, ਸਰਕਾਰ ‘ਚ ਰਹਿ ਕੇ ਕੈਨੇਡਾ ਅਤੇ ਇਸ ਦੇ ਲੋਕਾਂ ਲਈ ਕੰਮ ਕਰਨਾ ਮੇਰੇ ਜੀਵਨ ਦਾ ਸਨਮਾਨ ਰਿਹਾ ਹੈ। ਇਕੱਠੇ ਮਿਲ ਕੇ ਅਸੀਂ ਬਹੁਤ ਕੁਝ ਹਾਸਿਲ ਕੀਤਾ ਹੈ। ਸ਼ੁੱਕਰਵਾਰ ਨੂੰ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਹੁਣ ਨਹੀਂ ਚਾਹੁੰਦੇ ਕਿ ਮੈਂ ਤੁਹਾਡੇ ਵਿੱਤ ਮੰਤਰੀ ਵਜੋਂ ਕੰਮ ਕਰਾਂ ਅਤੇ ਮੈਨੂੰ ਕੈਬਨਿਟ ਵਿੱਚ ਇੱਕ ਹੋਰ ਅਹੁਦੇ ਦੀ ਪੇਸ਼ਕਸ਼ ਕੀਤੀ। ਮੈਂ ਇਸ ਬਾਰੇ ਬਹੁਤ ਸੋਚਿਆ ਅਤੇ ਫੈਸਲਾ ਕੀਤਾ ਹੈ ਕਿ ਮੇਰੇ ਲਈ ਇਕੋ ਇਕ ਰਸਤਾ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਹੈ।