ਹਰ ਸਾਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਅਤੇ ਭਾਰਤੀ ਵਿਦੇਸ਼ਾਂ ‘ਚ ਜਾਂਦੇ ਹਨ। ਜਿਨ੍ਹਾਂ ‘ਚੋਂ ਜਿਆਦਾਤਰ ਕੈਨੇਡਾ ਨੂੰ ਚੁਣਦੇ ਹਨ। ਇਸੇ ਲਈ ਕੈਨੇਡਾ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਪਰ ਹੁਣ ਕੈਨੇਡਾ ਸਰਕਾਰ ਨੇ ਵਿਦੇਸ਼ੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਦਰਅਸਲ ਟਰੂਡੋ ਸਰਕਾਰ ਵੱਲੋਂ ਵੀਰਵਾਰ ਬਜਟ ਪੇਸ਼ ਕੀਤਾ ਜਾਵੇਗਾ। ਜਿਸ ਵਿੱਚ ਕਿਫਾਇਤੀ ਹਾਊਸਿੰਗ ਲਈ ਜਿੱਥੇ ਕਈ ਮਾਪਦੰਡ ਅਪਣਾਉਣ ਦੀ ਗੱਲ ਕੀਤੀ ਜਾਵੇਗੀ ਉੱਥੇ ਹੀ ਵਿਦੇਸ਼ੀ ਲੋਕਾਂ ਦੇ ਕੈਨੇਡਾ ਵਿੱਚ ਘਰ ਖਰੀਦਣ ਉੱਤੇ ਪਾਬੰਦੀ ਲਾਉਣ ਦਾ ਜਿ਼ਕਰ ਵੀ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਦੋ ਸਾਲਾਂ ਲਈ ਵਿਦੇਸ਼ੀ ਲੋਕਾਂ ਦੇ ਕੈਨੇਡਾ ਵਿੱਚ ਰਿਹਾਇਸ਼ੀ ਸੰਪਤੀ ਖਰੀਦਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀ ਪ੍ਰਾਪਰਟੀ ਵਿੱਚ ਕੌਂਡੋਜ਼, ਅਪਾਰਟਮੈਂਟਸ ਤੇ ਸਿੰਗਲ ਰੈਜ਼ੀਡੈਂਸ਼ੀਅਲ ਯੂਨਿਟਸ ਸ਼ਾਮਲ ਹੋਣਗੀਆਂ।ਪਰਮਾਨੈਂਟ ਰੈਜ਼ੀਡੈਂਟਸ, ਵਿਦੇਸ਼ੀ ਵਰਕਰਜ਼ ਤੇ ਵਿਦਿਆਰਥੀਆਂ ਦੇ ਨਾਲ ਨਾਲ ਕੈਨੇਡਾ ਵਿੱਚ ਆਪਣੀ ਮੁੱਢਲੀ ਰਿਹਾਇਸ਼ ਖਰੀਦਣ ਵਾਲੇ ਵਿਦੇਸ਼ੀਆਂ ਨੂੰ ਇਨ੍ਹਾਂ ਮਾਪਦੰਡਾਂ ਤੋਂ ਪਾਸੇ ਰੱਖਿਆ ਜਾਵੇਗਾ।