ਬ੍ਰਿਟਿਸ਼ ਕੋਲੰਬੀਆ ਵਿੱਚ ਗਰਮੀ ਤਬਾਹੀ ਮਚਾ ਰਹੀ ਹੈ। ਇੱਥੇ ਗਰਮੀ ਦੇ ਵਧ ਰਹੇ ਪ੍ਰਕੋਪ ਕਾਰਨ ਸੋਮਵਾਰ ਨੂੰ ਸਕੂਲ ਤੇ ਕਾਲਜ ਬੰਦ ਰਹੇ। ਪੱਛਮੀ ਕੈਨੇਡੀਅਨ ਸੂਬਾ ਬੇਰਹਿਮ ਸਰਦੀਆਂ ਤੇ ਬਰਫਬਾਰੀ ਲਈ ਜਾਣਿਆ ਜਾਂਦਾ ਹੈ, ਪਰ ਇੱਥੇ ਹਫ਼ਤੇ ਦੇ ਅੰਤ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਇਸ ਰਿਕਾਰਡ ਤੋੜ ਗਰਮੀ ਦੇ ਕਹਿਰ ਵਿਚਾਲੇ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਦੇ ਪਿੰਡ ਵਿੱਚ ਐਤਵਾਰ ਨੂੰ ਤਾਪਮਾਨ ਵੱਧ ਕੇ 46.1 ਡਿਗਰੀ ਸੈਲੀਸਅਸ ਤੱਕ ਪਹੁੰਚ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1937 ਵਿੱਚ ਸਸਕੈਚੇਵਾਨ ਵਿੱਚ 45 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਪੱਛਮੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੀ ਗ਼ਰਮੀ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਹੋਰ ਵੀ ਗਰਮੀ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ । ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਤਾਪਮਾਨ ਦੇ ਕਈ ਰਿਕਾਰਡ ਟੁੱਟ ਗਏ ਹਨ । ਉੱਥੇ ਹੀ ਦੂਜੇ ਪਾਸੇ ਕੈਨੇਡਾ ਦੇ ਵੈਨਕੂਵਰ ਵਿੱਚ ਵੀ ਐਤਵਾਰ ਨੂੰ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਿਆਨਕ ਗਰਮੀ ਵਿਚਾਲੇ ਲੋਕ ਪਾਰਕਾਂ ਵਿੱਚ ਛਾਂ ਦੀ ਤਲਾਸ਼ ਕਰ ਰਹੇ ਹਨ। ਦੱਸ ਦੇਈਏ ਕਿ ਅਮਰੀਕਾ ਵਿੱਚ ਵੀ ਰਿਕਾਰਡ ਤੋੜ ਗਰਮੀ ਪੈਣ ਕਾਰਨ ਲੋਕਾਂ ਦੀ ਹਾਲਤ ਬੁਰੀ ਹੋ ਗਈ ਹੈ । ਅਮਰੀਕਾ ਵਿੱਚ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਤਾਪਮਾਨ ਵਿੱਚ ਰਿਕਾਰਡ ਵਾਧਾ ਦੇਖਣ ਨੂੰ ਮਿਲਿਆ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਜ਼ਿਆਦਾ ਗਰਮ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।