ਕੈਨੇਡਾ ਵਿੱਚ ਕੰਮ ਕਰਨ ਲਈ ਜਾਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਕੁੱਝ ਖਾਸ ਪ੍ਰਵਾਸੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਵੇਗੀ। ਇਨ੍ਹਾਂ ਲੋਕਾਂ ਕੋਲ ਲੋੜੀਂਦਾ ਹੁਨਰ ਹੋਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਆਰਥਿਕਤਾ ਵਿੱਚ ਕਰਮਚਾਰੀਆਂ ਦੀ ਕਮੀ ਨਾਲ ਨਜਿੱਠਿਆ ਜਾ ਸਕੇ। ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਸ਼ੌਨ ਫਰੇਜ਼ਰ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਤਹਿਤ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਰਾਸ਼ਟਰੀ ਕਿੱਤਾਮੁਖੀ ਵਰਗੀਕਰਨ (NOC) 2021 ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ।
NOC ਸ਼੍ਰੇਣੀ ਰਾਹੀਂ, ਕੈਨੇਡਾ ਵਿੱਚ ਸਿਹਤ ਸੰਭਾਲ, ਉਸਾਰੀ ਅਤੇ ਆਵਾਜਾਈ ਵਰਗੇ ਖੇਤਰਾਂ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਲੋਕਾਂ ਨੂੰ ਨੌਕਰੀ ‘ਤੇ ਰੱਖਿਆ ਜਾ ਸਕਦਾ ਹੈ। ਐਕਸਪ੍ਰੈਸ ਐਂਟਰੀ ਸਕੀਮ ਵਿੱਚ ਨਰਸ ਅਸਿਸਟੈਂਟ, long term assistant, ਹਸਪਤਾਲ ਅਟੈਂਡੈਂਟ, ਸਕੂਲ ਟੀਚਰ ਅਤੇ ਟਰਾਂਸਪੋਰਟ ਟਰੱਕ ਡਰਾਈਵਰ ਵਰਗੀਆਂ ਕੁੱਲ 16 ਅਸਾਮੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਐਕਸਪ੍ਰੈਸ ਐਂਟਰੀ ਸਕੀਮ ਰਾਹੀਂ ਸਥਾਈ ਨਿਵਾਸ ਦਿੱਤਾ ਜਾਂਦਾ ਹੈ, ਯਾਨੀ ਉਨ੍ਹਾਂ ਨੂੰ ਕੈਨੇਡਾ ਵਿੱਚ ਪੱਕੇ ਤੌਰ ‘ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਕਿਸਨੂੰ ਹੋਵੇਗਾ ਫਾਇਦਾ
NOC ਸਿਸਟਮ ਦੀ ਵਰਤੋਂ ਕੈਨੇਡੀਅਨ ਲੇਬਰ ਮਾਰਕੀਟ ਵਿੱਚ ਸਾਰੀਆਂ ਨੌਕਰੀਆਂ ਨੂੰ ਟਰੈਕ ਕਰਨ ਅਤੇ ਉਹਨਾਂ ਨੂੰ ਸ਼੍ਰੇਣੀਬੱਧ ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਆਰਥਿਕਤਾ ਵਿੱਚ ਤਬਦੀਲੀਆਂ ਅਤੇ ਕੰਮ ਦੇ ਤਰੀਕੇ ਵਿੱਚ ਤਬਦੀਲੀਆਂ ਨੂੰ ਅਪਡੇਟ ਕਰਨ ਲਈ ਵੀ ਕੀਤੀ ਜਾਂਦੀ ਹੈ। NOC ਪ੍ਰਣਾਲੀ ਵਿੱਚ ਤਬਦੀਲੀ ਅਸਥਾਈ ਕਰਮਚਾਰੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਥਾਈ ਨਿਵਾਸ ਲਈ ਯੋਜਨਾ ਦਾ ਵਿਸਤਾਰ ਕਰਨ ਲਈ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਤਰ੍ਹਾਂ ਹੁਣ ਐਕਸਪ੍ਰੈਸ ਐਂਟਰੀ ਤਹਿਤ ਨੌਕਰੀਆਂ ਦਾ ਦਾਇਰਾ ਵਧਾਇਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਥਾਈ ਨਿਵਾਸ ਦਿੱਤਾ ਜਾ ਸਕੇ। ਇਸ ਅਪਡੇਟ ਦੇ ਜ਼ਰੀਏ, ਨੌਕਰੀਆਂ ਦੀਆਂ ਉਨ੍ਹਾਂ 16 ਸ਼੍ਰੇਣੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ, ਜਿਸ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਥਾਈ ਨਿਵਾਸ ਮਿਲੇਗਾ।
ਇੱਕ ਸਥਾਨਕ ਚੈੱਨਲ ਦੀ ਰਿਪੋਰਟ ਮੁਤਾਬਿਕ ਕੈਨੇਡਾ ਵਿੱਚ ਭਾਰਤੀਆਂ ਦੀ ਗਿਣਤੀ 2.46 ਲੱਖ ਹੈ। ਅਜਿਹੇ ‘ਚ ਭਾਰਤੀਆਂ ਨੂੰ ਇਸ ਯੋਜਨਾ ਦਾ ਵੱਡਾ ਫਾਇਦਾ ਮਿਲਣ ਵਾਲਾ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਅਤੇ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿੱਚ, ਕੈਨੇਡਾ ਪੜ੍ਹਾਈ ਲਈ ਭਾਰਤੀ ਵਿਦਿਆਰਥੀਆਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਅਮਰੀਕਾ, ਬਰਤਾਨੀਆ ਤੋਂ ਇਲਾਵਾ ਕੈਨੇਡਾ ਵਿੱਚ ਉੱਚ ਸਿੱਖਿਆ ਲਈ ਵਧੀਆ ਯੂਨੀਵਰਸਿਟੀਆਂ ਹਨ, ਜੋ ਭਾਰਤੀਆਂ ਵਿੱਚ ਹਰਮਨ ਪਿਆਰੀਆਂ ਹਨ। ਅਜਿਹੇ ‘ਚ ਇੱਥੇ ਪੜ੍ਹਨ ਜਾ ਰਹੇ ਭਾਰਤੀ ਵਿਦਿਆਰਥੀ ਵੀ ਇਸ ਯੋਜਨਾ ਦਾ ਲਾਭ ਲੈ ਸਕਣਗੇ।