ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਤੋਂ ਵੱਖ ਹੋ ਰਹੇ ਹਨ। ਦੋਵਾਂ ਨੇ ਵਿਆਹ ਦੇ 18 ਸਾਲ ਬਾਅਦ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇੰਸਟਾਗ੍ਰਾਮ ‘ਤੇ ਦੁਨੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਟਰੂਡੋ ਨੇ ਕਿਹਾ ਕਿ ਉਹ ਲੰਬੀ, ਮੁਸ਼ਕਿਲ ਗੱਲਬਾਤ ਤੋਂ ਬਾਅਦ ਸੋਫੀ ਤੋਂ ਵੱਖ ਹੋ ਰਹੇ ਹਨ। ਹਾਲਾਂਕਿ, ਟਰੂਡੋ ਅਤੇ ਸੋਫੀ ਦਾ ਕਹਿਣਾ ਹੈ ਕਿ ਉਹ ਪਿਆਰ ਅਤੇ ਸਤਿਕਾਰ ਵਾਲਾ ਪਰਿਵਾਰ ਬਣੇ ਰਹਿਣਗੇ। ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਐਲਾਨ ਸੁਣ ਕੇ ਹਰ ਕੋਈ ਹੈਰਾਨ ਹੈ।
ਜਸਟਿਨ ਟਰੂਡੋ ਅਤੇ ਸੋਫੀ ਦਾ ਵਿਆਹ 2005 ਵਿੱਚ ਮਾਂਟਰੀਅਲ ਵਿੱਚ ਹੋਇਆ ਸੀ। ਦੋਵਾਂ ਦੇ ਤਿੰਨ ਬੱਚੇ ਹਨ। ਕੈਨੇਡੀਅਨ ਪੀਐਮ ਟਰੂਡੋ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਟਰੂਡੋ ਅਤੇ ਸੋਫੀ ਨੇ ਵੱਖ ਹੋਣ ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ, ਪਰ ਦੋਵੇਂ ਜਨਤਕ ਤੌਰ ‘ਤੇ ਇਕੱਠੇ ਆਉਣਾ ਜਾਰੀ ਰੱਖਣਗੇ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਸਨੇ ਇਹ ਯਕੀਨੀ ਬਣਾਇਆ ਹੈ ਕਿ ਉਸਦੇ ਦੁਆਰਾ ਲਏ ਗਏ ਫੈਸਲੇ ਦੇ ਸਬੰਧ ਵਿੱਚ ਸਾਰੇ ਕਾਨੂੰਨੀ ਅਤੇ ਨੈਤਿਕ ਕਦਮ ਚੁੱਕੇ ਗਏ ਹਨ। ਟਰੂਡੋ ਅਤੇ ਸੋਫੀ ਅਗਲੇ ਹਫਤੇ ਪਰਿਵਾਰਕ ਛੁੱਟੀਆਂ ‘ਤੇ ਵੀ ਜਾਣਗੇ।
ਕੈਨੇਡੀਅਨ ਪੀਏ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਦੀ ਖ਼ਾਤਰ ਉਨ੍ਹਾਂ ਦੀ ਨਿੱਜਤਾ ਦਾ ਖ਼ਿਆਲ ਰੱਖਣ। ਟਰੂਡੋ ਨੇ ਆਪਣੀ ਪੋਸਟ ‘ਚ ਕਿਹਾ, ‘ਸੋਫੀ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਈ ਅਰਥਪੂਰਨ ਅਤੇ ਮੁਸ਼ਕਿਲ ਗੱਲਬਾਤ ਤੋਂ ਬਾਅਦ ਅਸੀਂ ਇਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਦੋਵੇਂ ਇੱਕ ਪਰਿਵਾਰ ਦੀ ਤਰ੍ਹਾਂ ਜੀਵਾਂਗੇ, ਇੱਕ-ਦੂਜੇ ਲਈ ਸਤਿਕਾਰ ਅਤੇ ਪਿਆਰ ਕਾਇਮ ਰੱਖਾਂਗੇ, ਤਾਂ ਜੋ ਅਸੀਂ ਜੋ ਕੁੱਝ ਹਾਸਿਲ ਕੀਤਾ ਹੈ, ਉਸ ਨੂੰ ਜਾਰੀ ਰੱਖ ਸਕੀਏ। ਸਾਡੇ ਬੱਚਿਆਂ ਦੀ ਬਿਹਤਰੀ ਲਈ, ਅਸੀਂ ਸਾਰਿਆਂ ਨੂੰ ਨਿੱਜਤਾ ਦਾ ਆਦਰ ਕਰਨ ਲਈ ਕਹਿੰਦੇ ਹਾਂ।