ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਦਿੰਦਿਆਂ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ ਹੈ। ਐਨਡੀਪੀ ਦੇ ਜਗਮੀਤ ਸਿੰਘ ਨੇ ਟਰੂਡੋ ਦੀ ਲਿਬਰਲ ਪਾਰਟੀ ਨਾਲੋਂ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਟਰੂਡੋ ਸਰਕਾਰ ਖਤਰੇ ਵਿੱਚ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਜਲਦੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ ਕਿਉਂਕਿ ਟਰੂਡੋ ਸਰਕਾਰ ਹੁਣ ਘੱਟ ਗਿਣਤੀ ਵਿੱਚ ਹੈ। ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ 2022 ਵਿੱਚ ਦੋਵਾਂ ਪਾਰਟੀਆਂ ਦਰਮਿਆਨ ਹੋਏ ਸਮਝੌਤੇ ਨੂੰ ਤੋੜ ਰਹੇ ਹਨ। ਦੋਵਾਂ ਧਿਰਾਂ ਵਿਚਾਲੇ ਇਹ ਸਮਝੌਤਾ 2025 ਤੱਕ ਚੱਲਣਾ ਸੀ।
ਜਗਮੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਲਿਬਰਲ ਪਾਰਟੀ ਨੇ ਕਾਰੋਬਾਰੀਆਂ ਅੱਗੇ ਝੁਕ ਕੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਸਿੰਘ ਨੇ ਕਿਹਾ ਕਿ ਜਸਟਿਨ ਟਰੂਡੋ ਕੈਨੇਡੀਅਨਾਂ ਤੋਂ ਇਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ। ਐਨਡੀਪੀ ਦੇ ਬੁਲਾਰੇ ਅਨੁਸਾਰ, ਸਮਝੌਤੇ ਨੂੰ ਖਤਮ ਕਰਨ ਬਾਰੇ ਪਿਛਲੇ ਦੋ ਹਫਤਿਆਂ ਤੋਂ ਵਿਚਾਰ ਚੱਲ ਰਿਹਾ ਸੀ, ਅਤੇ ਐਨਡੀਪੀ ਨੇ ਵੀਡੀਓ ਦੇ ਲਾਈਵ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਲਿਬਰਲ ਪਾਰਟੀ ਨੂੰ ਸੂਚਿਤ ਕਰ ਦਿੱਤਾ ਸੀ।