ਬੀਤੇ ਸਾਲ ਕੋਰੋਨਾ ਮਹਾਂਮਾਰੀ ਨੇ ਪੂਰੀਆਂ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਸੀ। ਜਿਸ ਕਾਰਨ ਹਰ ਦੇਸ਼ ਨੇ ਆਪਣੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਕਈ ਸਖਤ ਪਬੰਦੀਆਂ ਲਾਗੂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਕੁੱਝ ਅਜੇ ਵੀ ਜਾਰੀ ਹਨ। ਬੇਸ਼ੱਕ ਹੁਣ ਕੋਰੋਨਾ ਦੇ ਮਾਮਲਿਆਂ ‘ਚ ਪਹਿਲਾ ਨਾਲੋਂ ਕਮੀ ਆਈ ਹੈ ਪਰ ਖਤਰਾ ਅਤੇ ਡਰ ਅਜੇ ਵੀ ਬਰਕਰਾਰ ਹੈ। ਇਸ ਖਤਰੇ ਨੂੰ ਦੇਖਦੇ ਹੋਏ ਕੈਨੇਡਾ ਦੀ ਟਰੂਡੋ ਸਰਕਾਰ ਨੇ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਕਰ ਦਿੱਤੀ ਹੈ, ਜਿਸ ਤੋਂ ਬਿਨਾਂ 30 ਨਵੰਬਰ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਨੂੰ ਘਰੇਲੂ ਤੇ ਬਾਹਰੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਗੱਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਦੇ ਇਸ ਕਦਮ ਨੂੰ ਦੇਖਦੇ ਹੋਏ ਹੋਰ ਦੇਸ਼ ਵੀ ਇਹ ਕਦਮ ਚੁੱਕ ਸਕਦੇ ਹਨ। ਇਸ ਦੇ ਨਾਲ ਹੀ ਕੈਨੇਡਾ ਉਹ ਮੁਲਕ ਹੈ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ। ਇਸ ਲਈ ਨਵੇਂ ਸਾਲ ਮੌਕੇ ਇੱਧਰ ਆਉਣ ਦੀ ਸੋਚ ਰਹੇ ਪੰਜਾਬੀਆਂ ਨੂੰ ਯਾਤਰਾ ਕਰਨ ਲਈ ਵੈਕਸੀਨ ਪਾਸਪੋਰਟ ਵੀ ਲੈਣਾ ਹੋਵੇਗਾ ਅਤੇ ਇਹ ਤਾਂ ਹੀ ਮਿਲੇਗਾ ਜੇਕਰ ਕੋਰੋਨਾ ਵੈਕਸੀਨ ਦੇ ਦੋਵੇ ਟੀਕੇ ਲੱਗੇ ਹੋਣਗੇ। ਇਸ ਵੈਕਸੀਨ ਪਾਸਪੋਰਟ ਵਿੱਚ ਨਾਮ, ਜਨਮ ਤਾਰੀਖ਼ ਅਤੇ ਕੋਵਿਡ-19 ਟੀਕੇ ਦੀ ਹਿਸਟਰੀ ਜਿਵੇਂ ਕਿ ਕਿਹੜੀ ਖੁਰਾਕ ਲੱਗੀ ਹੈ, ਕਦੋਂ ਲੁਆਈ ਹੈ, ਦੀ ਜਾਣਕਾਰੀ ਹੋਵੇਗੀ। ਇੱਕ ਰਿਪੋਰਟ ਮੁਤਾਬਕ, ਵੈਕਸੀਨ ਪਾਸਪੋਰਟ ‘ਤੇ ਬਕਾਇਦਾ ਕਿਊ. ਆਰ. ਕੋਡ ਵੀ ਹੋਵੇਗਾ।