ਕੈਨੇਡਾ ਵਿੱਚ ਨਵੀਂ ਹੈਂਡਗਨ ਦੀ ਵਿਕਰੀ ‘ਤੇ ਹੁਣ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਗੰਨ ਕੰਟਰੋਲ ਐਕਸ਼ਨ ਤਹਿਤ ਲਿਆ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਕਿਹਾ, “ਅਸੀਂ ਕੈਨੇਡਾ ਵਿੱਚ ਹੈਂਡਗੰਨ ਮਾਰਕੀਟ ਨੂੰ ਬੰਦ ਕਰ ਦਿੱਤਾ ਹੈ, ਕਿਉਂਕਿ ਅਸੀਂ ਬੰਦੂਕ ਦੀ ਹਿੰਸਾ ਨੂੰ ਵਧਦੇ ਦੇਖ ਰਹੇ ਹਾਂ… ਕਾਰਵਾਈ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ।” ਪੀ.ਐਮ ਟਰੂਡੋ ਨੇ ਕਿਹਾ, “ਕੈਨੇਡੀਅਨਾਂ ਨੂੰ ਆਪਣੇ ਘਰਾਂ, ਸਕੂਲਾਂ ਅਤੇ ਧਾਰਮਿਕ ਸਥਾਨਾਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਭਾਈਚਾਰਿਆਂ ਵਿੱਚੋਂ ਇਹਨਾਂ ਮਾਰੂ ਹਥਿਆਰਾਂ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕਰੀਏ। ਅੱਜ ਅਸੀਂ ਸਾਡੇ ਭਾਈਚਾਰਿਆਂ ਵਿੱਚੋਂ ਬੰਦੂਕਾਂ ਨੂੰ ਬਾਹਰ ਕੱਢ ਰਹੇ ਹਾਂ ਅਤੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖ ਰਹੇ ਹਾਂ।”
ਪ੍ਰਧਾਨ ਮੰਤਰੀ ਦੇ ਦਫਤਰ ਨੇ ਕਿਹਾ ਕਿ ਹੈਂਡਗਨ ਫ੍ਰੀਜ਼ ਦਾ ਐਲਾਨ ਮਈ ਵਿੱਚ ਪ੍ਰਸਤਾਵਿਤ ਕਾਨੂੰਨ ਦੇ ਨਾਲ ਕੀਤਾ ਗਿਆ ਸੀ ਜੋ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਟਰੂਡੋ ਦੀ ਯੋਜਨਾ ਦੇ ਹਿੱਸੇ ਵਜੋਂ 40 ਸਾਲਾਂ ਵਿੱਚ ਦੇਸ਼ ਦੇ ਸਭ ਤੋਂ ਮਜ਼ਬੂਤ ਬੰਦੂਕ ਨਿਯੰਤਰਣ ਉਪਾਵਾਂ ਨੂੰ ਲਾਗੂ ਕਰੇਗਾ। ਹਾਲਾਂਕਿ ਪੱਛਮੀ ਸੂਬੇ ਅਲਬਰਟਾ ਦੀ ਸਰਕਾਰ ਨੇ ਇਸ ਪਾਬੰਦੀ ਦੀ ਆਲੋਚਨਾ ਕੀਤੀ ਹੈ। ਅਲਬਰਟਾ ਦੀ ਸਰਕਾਰ ਨੇ ਕਿਹਾ ਕਿ ਉਹ ਓਟਾਵਾ ਵਿੱਚ ਬੰਦੂਕ ਕੰਟਰੋਲ ਦੇ ਹੋਰ ਪ੍ਰਸਤਾਵਿਤ ਉਪਾਵਾਂ ਦਾ ਵਿਰੋਧ ਕਰੇਗੀ।
ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ, “ਘੱਟ ਬੰਦੂਕਾਂ ਦਾ ਮਤਲਬ ਸੁਰੱਖਿਅਤ ਭਾਈਚਾਰਾ, ਇਸ ਲਈ ਕੈਨੇਡੀਅਨ ਸਰਕਾਰ ਇੱਕ ਪੀੜ੍ਹੀ ਵਿੱਚ ਬੰਦੂਕ ਨਿਯੰਤਰਣ ਦੇ ਕੁੱਝ ਮਜ਼ਬੂਤ ਉਪਾਅ ਲਾਗੂ ਕਰ ਰਹੀ ਹੈ। ਜ਼ਿਆਦਾਤਰ ਅਪਰਾਧਾਂ ਵਿੱਚ ਹੈਂਡਗੰਨ ਪਸੰਦ ਦਾ ਹਥਿਆਰ ਹੈ, ਜਿਸ ਕਾਰਨ ਕੈਨੇਡੀਅਨ ਬੰਦੂਕ ਹਿੰਸਾ ਦਾ ਸਾਹਮਣਾ ਕਰ ਰਹੇ ਹਨ। ਹੈਂਡਗਨਾਂ ਦੀ ਗਿਣਤੀ ਨੂੰ ਸੀਮਤ ਕਰਨਾ ਸਾਡੀ ਯੋਜਨਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਰਾਸ਼ਟਰੀ ਹੈਂਡਗਨ ਫ੍ਰੀਜ਼ ਬੰਦੂਕ ਹਿੰਸਾ ਦਾ ਮੁਕਾਬਲਾ ਕਰਨ ਲਈ ਸਰਕਾਰ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ। ਅਸੀਂ ਪਹਿਲਾਂ ਹੀ 1,500 ਤੋਂ ਵੱਧ ਕਿਸਮ ਦੀਆਂ ਅਸਾਲਟ ਸ਼ੈਲੀ ਦੀਆਂ ਬੰਦੂਕਾਂ ‘ਤੇ ਪਾਬੰਦੀ ਲਗਾ ਚੁੱਕੇ ਹਾਂ ਅਤੇ ਬੰਦੂਕ ਕੰਟਰੋਲ ਕਾਨੂੰਨਾਂ ਨੂੰ ਮਜ਼ਬੂਤ ਕੀਤਾ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨੇ ਬੰਦੂਕ ਦੀ ਵਿਕਰੀ ‘ਤੇ ਪਾਬੰਦੀ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਸ ਨੂੰ ਕੈਨੇਡਾ ਵਿੱਚ ਬੰਦੂਕ ਹਿੰਸਾ ਨੂੰ ਰੋਕਣ ਲਈ ਸਭ ਤੋਂ ਮਹੱਤਵਪੂਰਨ ਕਾਰਵਾਈ ਦੱਸਿਆ।