ਕੁਈਨਜ਼ਲੈਂਡ ‘ਚ 2000 ਲੋਕਾਂ ਨੂੰ ਅਜਿਹੀ ਗਲਤੀ ਦਾ ਖਾਮਿਆਜਾ ਭੁਗਤਣਾ ਪਿਆ ਹੈ, ਜੋ ਉਨ੍ਹਾਂ ਨੇ ਕੀਤੀ ਵੀ ਨਹੀਂ ਸੀ। ਦਰਅਸਲ ਕੁਈਨਜ਼ਲੈਂਡ ਵਿੱਚ ਰੋਡ ‘ਤੇ ਲੱਗੇ ਇੱਕ ਕੈਮਰੇ ‘ਚ ਆਈ ਖਰਾਬੀ ਦੇ ਕਾਰਨ 2000 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਮੋਬਾਈਲ ਫੋਨ ਅਤੇ ਸੀਟ ਬੈਲਟ ਨੂੰ ਲੈ ਕੇ ਕੀਤਾ ਗਿਆ ਹੈ।ਇੰਨਾਂ ਹੀ ਨਹੀਂ ਇਸ ਦੌਰਾਨ 600 ਤੋਂ ਵੱਧ ਡਰਾਈਵਰਾਂ ਦਾ ਲਾਇਸੈਂਸ ਵੀ ਰੱਦ ਕੀਤਾ ਗਿਆ ਹੈ।
ਹੁਣ ਟਰਾਂਸਪੋਰਟ ਮੰਤਰੀ ਮਾਰਕ ਬੇਲੀ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਇਸ ਮੁੱਦੇ ਤੋਂ ਜਾਣੂ ਕਰਵਾਇਆ ਗਿਆ ਸੀ, ਉਨ੍ਹਾਂ ਦੇ ਵਿਭਾਗ ਨੇ ਤੁਰੰਤ ਕਾਨੂੰਨੀ ਸਲਾਹ ਲਈ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ 1 ਨਵੰਬਰ, 2021 ਤੋਂ ਇਸ ਸਾਲ 31 ਅਗਸਤ ਤੱਕ 1842 ਡਰਾਈਵਰਾਂ ਲਈ ਗਲਤ ਤਰੀਕੇ ਨਾਲ ਡਬਲ ਡੀਮੈਰਿਟ ਪੁਆਇੰਟ ਜਾਰੀ ਕੀਤੇ ਗਏ ਸਨ, ਜਦਕਿ 626 ਲਾਇਸੈਂਸ ਗਲਤ ਤਰੀਕੇ ਨਾਲ ਸਸਪੈਂਡ ਕੀਤੇ ਗਏ ਸਨ। ਮੰਤਰੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, “ਸਧਾਰਨ ਸ਼ਬਦਾਂ ਵਿੱਚ, ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਹਰ ਉਸ ਵਿਅਕਤੀ ਲਈ ਬਹੁਤ ਅਫ਼ਸੋਸ ਹੈ ਜੋ ਇਸ ਤੋਂ ਪ੍ਰਭਾਵਿਤ ਹੋਇਆ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਟਰਾਂਸਪੋਰਟ ਅਤੇ ਮੇਨ ਰੋਡ ਵਿਭਾਗ ਅੱਜ ਤੋਂ ਸਾਰੇ ਪ੍ਰਭਾਵਿਤ ਲਾਇਸੈਂਸ ਧਾਰਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦੇਵੇਗਾ।”
ਵਿਭਾਗ ਦੇ ਰੁਝਾਨਾਂ ਦੇ ਰੁਟੀਨ ਵਿਸ਼ਲੇਸ਼ਣ ਵਿੱਚ ਇਹ ਗੜਬੜ ਸਾਹਮਣੇ ਆਈ ਸੀ।ਪ੍ਰਭਾਵਿਤ ਡਰਾਈਵਰ ਟਰਾਂਸਪੋਰਟ ਅਤੇ ਮੇਨ ਰੋਡਜ਼ ਵੈੱਬਸਾਈਟ ‘ਤੇ ਵੇਰਵਿਆਂ ਦੇ ਨਾਲ 24-ਘੰਟੇ ਦੀ ਹੌਟਲਾਈਨ ‘ਤੇ ਕਾਲ ਕਰ ਸਕਦੇ ਹਨ। ਬੇਲੀ ਨੇ ਕਿਹਾ, “ਇਸ ਮਾਮਲੇ ਦੀ ਪੂਰੀ ਅਤੇ ਜ਼ਰੂਰੀ ਸੁਤੰਤਰ ਸਮੀਖਿਆ ਕੀਤੀ ਜਾਵੇਗੀ। ਇਹ ਸਾਡੀ ਗਲਤੀ ਹੈ ਅਤੇ ਅਸੀਂ ਪ੍ਰਭਾਵਿਤ ਲੋਕਾਂ ਨਾਲ ਕੰਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।”