ਬੰਬੇ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਪਤਨੀ ਬਿਨਾਂ ਕਿਸੇ ਸਬੂਤ ਜਾਂ ਆਧਾਰ ਦੇ ਆਪਣੇ ਪਤੀ ਨੂੰ Womanizer ਜਾਂ ਸ਼ਰਾਬੀ ਕਹਿੰਦੀ ਹੈ ਤਾਂ ਇਸ ਨੂੰ ਵੀ Cruelty (ਬੇਰਹਿਮੀ) ਮੰਨਿਆ ਜਾਵੇਗਾ। ਅਦਾਲਤ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇਹ ਵੱਡਾ ਬਿਆਨ ਦਿੱਤਾ ਹੈ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਜੇਕਰ ਬਿਨਾਂ ਸਬੂਤਾਂ ਦੇ ਕਿਸੇ ‘ਤੇ ਅਜਿਹੇ ਦੋਸ਼ ਲਗਾਏ ਜਾਂਦੇ ਹਨ ਤਾਂ ਇਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਬਰਾਬਰ ਹੈ।
ਦਰਅਸਲ, ਇੱਕ 50 ਸਾਲਾ ਔਰਤ ਨੇ ਪੁਣੇ ਫੈਮਿਲੀ ਕੋਰਟ ਦੇ 2005 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿੱਥੇ ਉਸ ਦਾ ਵਿਆਹ ਭੰਗ ਕਰ ਦਿੱਤਾ ਗਿਆ ਸੀ। ਉਦੋਂ ਪਤੀ ਨੇ ਆਪਣੀ ਪਤਨੀ ‘ਤੇ ਦੋਸ਼ ਲਾਇਆ ਸੀ ਕਿ ਉਸ ਵੱਲੋਂ ਉਸ ‘ਤੇ ਝੂਠੇ ਦੋਸ਼ ਲਾਏ ਜਾਂਦੇ ਹਨ, ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਤੀ ਸੇਵਾਮੁਕਤ ਫ਼ੌਜੀ ਅਫ਼ਸਰ ਸੀ ਜਿਸ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ। ਮਹਿਲਾ ਨੇ ਫੈਮਿਲੀ ਕੋਰਟ ਦੇ ਫੈਸਲੇ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਫਿਰ ਇਹ ਜ਼ੋਰ ਦਿੱਤਾ ਗਿਆ ਕਿ ਔਰਤ ਦਾ ਪਤੀ ਇੱਕ Womanizer ਅਤੇ ਸ਼ਰਾਬੀ ਸੀ। ਇਸ ਕਾਰਨ ਕਰਕੇ ਜਦੋ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਹਰ ਉਸ ਹੱਕ ਤੋਂ ਵਾਂਝਾ ਰੱਖਿਆ ਗਿਆ ਜੋ ਉਸ ਨੂੰ ਮਿਲਣਾ ਚਾਹੀਦਾ ਸੀ।
ਪਰ ਹੁਣ ਜਸਟਿਸ ਨਿਤਿਨ ਜਮਦਾਰ ਅਤੇ ਜਸਟਿਸ ਸ਼ਰਮੀਲਾ ਦੇਸ਼ਮੁਖ ਦੀ ਡਿਵੀਜ਼ਨ ਬੈਂਚ ਨੇ ਮਹਿਲਾ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਔਰਤ ਵੱਲੋਂ ਸਿਰਫ਼ ਜ਼ੁਬਾਨੀ ਦੋਸ਼ ਲਾਏ ਗਏ ਹਨ, ਪੁਖਤਾ ਸਬੂਤ ਪੇਸ਼ ਨਹੀਂ ਕੀਤੇ ਗਏ ਹਨ। ਇੱਥੋਂ ਤੱਕ ਕਿਹਾ ਗਿਆ ਕਿ ਔਰਤ ਦੀ ਭੈਣ ਨੇ ਅੱਜ ਤੱਕ ਇੱਕ ਵਾਰ ਵੀ ਇਹ ਨਹੀਂ ਦੱਸਿਆ ਕਿ ਔਰਤ ਦਾ ਪਤੀ Womanizer ਜਾਂ ਸ਼ਰਾਬੀ ਸੀ। ਇਸ ਦੇ ਨਾਲ ਹੀ ਜਦੋਂ ਇਹ ਮਾਮਲਾ ਫੈਮਿਲੀ ਕੋਰਟ ਵਿਚ ਸੀ ਤਾਂ ਪਤੀ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਉਸ ਨੂੰ ਆਪਣੇ ਬੱਚਿਆਂ ਨੂੰ ਵੀ ਮਿਲਣ ਨਹੀਂ ਦਿੰਦੀ। ਇਹ ਵੀ ਦੋਸ਼ ਲਾਇਆ ਗਿਆ ਕਿ ਪਤਨੀ ਵੱਲੋਂ ਸਮਾਜ ਦੇ ਸਾਹਮਣੇ ਉਸ ਬਾਰੇ ਕਈ ਝੂਠੇ ਦਾਅਵੇ ਕੀਤੇ ਗਏ, ਜਿਸ ਕਾਰਨ ਉਸ ਦਾ ਸਮਾਜਿਕ ਜੀਵਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹੁਣ ਉਨ੍ਹਾਂ ਸਾਰੀਆਂ ਦਲੀਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਬੇਰਹਿਮੀ ਦਾ ਸਿੱਧਾ ਮਤਲਬ ਇਹ ਹੈ ਕਿ ਅਜਿਹਾ ਆਚਰਣ ਕੀਤਾ ਜਾਵੇ ਜਿਸ ਨਾਲ ਦੂਜੀ ਧਿਰ ਨੂੰ ਮਾਨਸਿਕ ਪੀੜਾ ਹੋਵੇ, ਉਸ ਲਈ ਆਪਣੇ ਸਾਥੀ ਨਾਲ ਰਹਿਣਾ ਸੰਭਵ ਨਹੀਂ ਹੈ।