ਅਮਰੀਕਾ ਦੇ ਕੈਲੀਫੋਰਨੀਆ ‘ਚ ਅੱਗ ਦਾ ਕਹਿਰ ਜਾਰੀ ਹੈ। ਲਾਸ ਏਂਜਲਸ, ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਹੁਣ ਹੋਰ ਭਿਆਨਕ ਰੂਪ ਧਾਰਨ ਕਰ ਗਈ ਹੈ। ਇਸ ਅੱਗ ਕਾਰਨ 2 ਲੱਖ ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਦਿੱਤੇ ਗਏ ਹਨ। ਇਹ ਅੱਗ ਹਾਲੀਵੁੱਡ ਤੱਕ ਵੀ ਪਹੁੰਚ ਗਈ ਹੈ। ਇਸ ਭਿਆਨਕ ਅੱਗ ਕਾਰਨ 3 ਦਿਨਾਂ ‘ਚ 28 ਹਜ਼ਾਰ ਏਕੜ ਰਕਬਾ ਸੜ ਕੇ ਸੁਆਹ ਹੋ ਗਿਆ ਹੈ ਅਤੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਿਆਨਕ ਅੱਗ ਕਾਰਨ ਪੈਰਿਸ ਹਿਲਟਨ ਸਮੇਤ ਕਈ ਸਿਤਾਰਿਆਂ ਦੇ ਬੰਗਲੇ ਸੜ ਕੇ ਸੁਆਹ ਹੋ ਗਏ ਹਨ ਅਤੇ ਇਕ ਲੱਖ ਤੋਂ ਵੱਧ ਲੋਕ ਆਪਣੇ ਘਰ ਛੱਡ ਚੁੱਕੇ ਹਨ।
ਕੈਲੀਫੋਰਨੀਆ ਦੀ ਅੱਗ ਹਰ ਘੰਟੇ ਇੱਕ ਨਵੇਂ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਅੱਗ ਕਾਰਨ ਹਾਲੀਵੁੱਡ ਦੀਆਂ ਪਹਾੜੀਆਂ ‘ਤੇ ਅਮਰੀਕੀ ਫਿਲਮ ਇੰਡਸਟਰੀ ਦੀ ਪਛਾਣ ਬਣੀ ਹਾਲੀਵੁੱਡ ਬੋਰਡ ਦੇ ਸੜਨ ਦਾ ਖ਼ਤਰਾ ਹੈ। ਤੇਜ਼ ਹਵਾਵਾਂ ਕਾਰਨ ਅੱਗ ਨੇ ਫਾਇਰਨਾਡੋ ਅਰਥਾਤ ਅੱਗ ਅਤੇ ਬਵੰਡਰ ਦਾ ਰੂਪ ਧਾਰ ਲਿਆ ਹੈ, ਜਿਸ ਤਰ੍ਹਾਂ ਬਵੰਡਰ ਵਿਚ ਹਵਾ ਦਾ ਬੱਦਲ ਬਣ ਜਾਂਦਾ ਹੈ, ਉਸੇ ਤਰ੍ਹਾਂ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਦੀਆਂ ਦਿਖਾਈ ਦਿੰਦੀਆਂ ਹਨ।
ਹਾਲੀਵੁੱਡ ਹਿਲਸ ‘ਤੇ ਦੁਨੀਆ ਦੇ ਕਈ ਵੱਡੇ ਪ੍ਰੋਡਕਸ਼ਨ ਹਾਊਸਾਂ ਦੇ ਸਟੂਡੀਓ ਅੱਗ ਦੀ ਲਪੇਟ ‘ਚ ਆ ਗਏ ਹਨ। ਇਨ੍ਹਾਂ ‘ਚ ਕਈ ਹਾਲੀਵੁੱਡ ਸਿਤਾਰਿਆਂ ਦੇ ਘਰ ਵੀ ਸ਼ਾਮਿਲ ਹਨ। 5 ਇਲਾਕਿਆਂ ‘ਚ ਫੈਲੀ ਇਹ ਅੱਗ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਹੈ। ਕੁਝ ਇਲਾਕਿਆਂ ‘ਚ ਅਜੇ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਫਾਇਰ ਫਾਈਟਰਜ਼ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।