ਕੋਟਕਪੂਰਾ ਰੋਡ ’ਤੇ ਪਿੰਡ ਵੜਿੰਗ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਪੁਲ ਦੀ ਰੇਲਿੰਗ ਤੋੜ ਕੇ ਸਰਹਿੰਦ ਨਹਿਰ ਦੇ ਫੀਡਰ ਵਿੱਚ ਜਾ ਡਿੱਗੀ, ਜਿਸ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਪੰਜ ਔਰਤਾਂ ਵੀ ਸ਼ਾਮਿਲ ਸਨ। 10 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਰੀਬ ਚਾਲੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਕਰੀਬ ਪੰਜ-ਛੇ ਵਿਅਕਤੀਆਂ ਦੇ ਰੁੜ੍ਹ ਗਏ ਦੱਸੇ ਜਾ ਰਹੇ ਹਨ। ਉਨ੍ਹਾਂ ਦੀ ਭਾਲ ਜਾਰੀ ਹੈ।
ਇਹ ਬੱਸ ਮੁਕਤਸਰ ਤੋਂ ਕੋਟਕਪੂਰਾ ਵੱਲ ਜਾ ਰਹੀ ਸੀ। ਇਹ ਹਾਦਸਾ ਸਵੇਰੇ ਕਰੀਬ 1.15 ਵਜੇ ਪਿੰਡ ਵੜਿੰਗ ਟੋਲ ਪਲਾਜ਼ਾ ਨੇੜੇ ਵਾਪਰਿਆ। ਹਾਦਸਾ ਹੁੰਦਾ ਦੇਖ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਉਥੇ ਮੌਜੂਦ ਲੋਕ ਨਹਿਰ ਦੇ ਕੋਲ ਇਕੱਠੇ ਹੋ ਗਏ ਅਤੇ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।