ਕੁਈਨਸਟਾਊਨ ਅਤੇ ਕਿੰਗਸਟਨ ਵਿਚਕਾਰ ਸਟੇਟ ਹਾਈਵੇਅ 6 ‘ਤੇ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਹੈਟੋ ਹੋਨ ਸੇਂਟ ਜੌਨ ਦਾ ਕਹਿਣਾ ਹੈ ਕਿ ਇਸ ਨੇ ਅੱਜ ਦੁਪਹਿਰ ਡੇਵਿਲਜ਼ ਸਟੈਅਰਕੇਸ ਦੇ ਨੇੜੇ ਇੱਕ ਹਾਦਸੇ ਦੇ ਬਾਅਦ 20 ਲੋਕਾਂ ਦਾ ਇਲਾਜ ਕੀਤਾ ਹੈ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ। ਦਰਅਸਲ ਕੁਈਨਸਟਾਊਨ ਅਤੇ ਕਿੰਗਸਟਨ ਵਿਚਕਾਰ ਸਟੇਟ ਹਾਈਵੇਅ 6 ‘ਤੇ ਇੱਕ ਬੱਸ ਅਤੇ ਦੋ ਕਾਰਾਂ ਦੀ ਟੱਕਰ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਕਾਰ ਵਿੱਚੋਂ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਘੱਟੋ-ਘੱਟ ਦੋ ਹੋਰਾਂ ਦੇ ਗੰਭੀਰ ਸੱਟਾਂ ਲੱਗਣ ਦੀ ਸੂਚਨਾ ਹੈ।
ਪੁਲਿਸ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਘੱਟੋ-ਘੱਟ ਦੋ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਕਈ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਕਿੰਗਸਟਨ ਵਿਖੇ ਗਲੇਨ ਨੇਵਿਸ ਸਟੇਸ਼ਨ ਰੋਡ ਦੇ ਚੌਰਾਹੇ ਦੇ ਨੇੜੇ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ। ਫਿਲਹਾਲ ਕਿੰਗਸਟਨ ਦੇ ਉੱਤਰ ਵਿੱਚ ਰਾਜ ਮਾਰਗ 6 ਬੰਦ ਹੈ ਅਤੇ ਕਈ ਘੰਟਿਆਂ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।