ਦੱਖਣੀ ਅਫਰੀਕਾ ਵਿੱਚ ਇੱਕ ਬੱਸ ਦੇ ਖਾਈ ਵਿੱਚ ਡਿੱਗਣ ਕਾਰਨ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਅੱਠ ਸਾਲਾ ਬੱਚੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਟਰਾਂਸਪੋਰਟ ਵਿਭਾਗ ਮੁਤਾਬਿਕ ਦੱਖਣੀ ਅਫਰੀਕਾ ‘ਚ ਇਕ ਬੱਸ ਪੁਲ ਤੋਂ ਖਾਈ ‘ਚ ਡਿੱਗ ਗਈ, ਜਿਸ ‘ਚ ਸਵਾਰ 46 ਯਾਤਰੀਆਂ ‘ਚੋਂ 45 ਦੀ ਮੌਤ ਹੋ ਗਈ।
ਰਾਇਟਰਜ਼ ਦੇ ਅਨੁਸਾਰ, ਬੱਸ ਬੋਤਸਵਾਨਾ ਤੋਂ ਉੱਤਰੀ ਲਿਮਪੋਪੋ ਸੂਬੇ ਦੇ ਇੱਕ ਸ਼ਹਿਰ ਮੋਰੀਆ ਜਾ ਰਹੀ ਸੀ। ਇੱਥੇ ਪ੍ਰਸਿੱਧ ਈਸਟਰ ਤਿਉਹਾਰ ਮਨਾਇਆ ਜਾਂਦਾ ਹੈ, ਇਸ ਸਾਲ ਈਸਟਰ ਐਤਵਾਰ 31 ਮਾਰਚ ਨੂੰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ। ਬੱਸ ਜੋਹਾਨਸਬਰਗ ਤੋਂ 300 ਕਿਲੋਮੀਟਰ ਉੱਤਰ ਵਿਚ ਮਮਤਾਲਾਕਾਲਾ ਨੇੜੇ ਪਹਾੜੀ ਇਲਾਕੇ ਵਿਚ ਬਣੇ ਪੁਲ ‘ਤੇ ਲੱਗੇ ਬੈਰੀਅਰ ਨੂੰ ਤੋੜ ਕੇ 164 ਫੁੱਟ ਹੇਠਾਂ ਖੱਡ ਵਿਚ ਜਾ ਡਿੱਗੀ। ਹੇਠਾਂ ਡਿੱਗਦੇ ਹੀ ਬੱਸ ਨੂੰ ਅੱਗ ਲੱਗ ਗਈ।