ਅੱਜ ਤੋਂ ਬ੍ਰਿਟੇਨ ‘ਚ ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬੀ ਦਾ ਰਾਜ, ਦਰਅਸਲ ਅੱਜ ਯਾਨੀ ਕਿ 25 ਅਕਤੂਬਰ ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਰਿਸ਼ੀ ਸੁਨਕ ਅੱਜ ਇੰਗਲੈਂਡ ਦੇ ਪਹਿਲੇ ਭਾਰਤੀ ਤੇ ਪੰਜਾਬੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਕਿੰਗ ਚਾਰਲਸ ਨਾਲ ਮੁਲਾਕਾਤ ਕਰਨਗੇ। ਮੰਗਲਵਾਰ ਨੂੰ ਹੀ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਚੱਲੋ ਕੈਬਨਿਟ ਦੀ ਆਖਰੀ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ। ਇਸ ਤੋਂ ਬਾਅਦ ਲਿਜ਼ ਟਰਸ ਪੀਐਮ ਹਾਊਸ 10 ਡਾਊਨਿੰਗ ਸਟ੍ਰੀਟ ਤੋਂ ਪ੍ਰਧਾਨ ਮੰਤਰੀ ਵਜੋਂ ਆਖਰੀ ਵਾਰ ਦੇਸ਼ ਨੂੰ ਸੰਬੋਧਨ ਕਰਨਗੇ। ਲਿਜ਼ ਟਰਸ ਫਿਰ ਕਿੰਗ ਚਾਰਲਸ III ਨੂੰ ਆਪਣਾ ਅਸਤੀਫਾ ਸੌਂਪਣ ਲਈ ਬਕਿੰਘਮ ਪੈਲੇਸ ਜਾਵੇਗੀ। ਇਸ ਮਗਰੋਂ ਕੁਝ ਸਮੇਂ ਬਾਅਦ, ਕਿੰਗ ਚਾਰਲਸ III ਨਵੇਂ ਪ੍ਰਧਾਨ ਮੰਤਰੀ ਸੁਨਕ ਨੂੰ ਪ੍ਰਧਾਨ ਮੰਤਰੀ ਦਾ ਨਿਯੁਕਤੀ ਪੱਤਰ ਦੇਣਗੇ। ਅਧਿਕਾਰਤ ਪੀਐਮ ਬਣਨ ਤੋਂ ਬਾਅਦ, ਸੁਨਕ ਸ਼ਾਮ 4 ਵਜੇ ਪੀਐਮ ਹਾਊਸ ਤੋਂ ਬ੍ਰਿਟੇਨ ਨੂੰ ਸੰਬੋਧਨ ਕਰਨਗੇ, ਜਿਸ ਵਿੱਚ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਅਤੇ ਬੇਟੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
ਸੋਮਵਾਰ ਨੂੰ ਚੁਣੇ ਗਏ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਪਣੇ ਪਹਿਲੇ ਸੰਬੋਧਨ ‘ਚ ਸੁਨਕ ਨੇ ਕਿਹਾ, “ਬ੍ਰਿਟੇਨ ਇੱਕ ਮਹਾਨ ਦੇਸ਼ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇੱਕ ਡੂੰਘੀ ਆਰਥਿਕ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਹੁਣ ਸਥਿਰਤਾ ਅਤੇ ਏਕਤਾ ਦੀ ਲੋੜ ਹੈ ਅਤੇ ਮੈਂ ਇਸਨੂੰ ਆਪਣੀ ਪ੍ਰਮੁੱਖ ਤਰਜੀਹ ਬਣਾਵਾਂਗਾ। ਮੇਰੀ ਪਾਰਟੀ ਅਤੇ ਮੇਰੇ ਦੇਸ਼ ਨੂੰ ਇਕੱਠੇ ਲਿਆਉਣ ਲਈ, ਕਿਉਂਕਿ ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਸਾਹਮਣੇ ਚੁਣੌਤੀਆਂ ਨੂੰ ਪਾਰ ਕਰ ਸਕਾਂਗੇ ਅਤੇ ਆਪਣੇ ਬੱਚਿਆਂ ਅਤੇ ਅਗਲੀ ਪੀੜ੍ਹੀ ਲਈ ਇੱਕ ਬਿਹਤਰ, ਵਧੇਰੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰ ਸਕਾਂਗੇ।”
ਸੁਨਕ ਨੇ ਅੱਗੇ ਕਿਹਾ ਕਿ, “ਮੈਂ ਵਾਅਦਾ ਕਰਦਾ ਹਾਂ ਕਿ ਮੈਂ ਇਮਾਨਦਾਰੀ ਅਤੇ ਨਿਮਰਤਾ ਨਾਲ ਤੁਹਾਡੀ ਸੇਵਾ ਕਰਾਂਗਾ ਅਤੇ ਬ੍ਰਿਟਿਸ਼ ਲੋਕਾਂ ਲਈ ਦਿਨ ਰਾਤ ਕੰਮ ਕਰਾਂਗਾ।” ਤੁਹਾਨੂੰ ਦੱਸ ਦੇਈਏ ਕਿ ਸੁਨਕ 210 ਸਾਲਾਂ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸਭ ਤੋਂ ਨੌਜਵਾਨ ਨੇਤਾ ਹੋਣਗੇ। ਇਸ ਤੋਂ ਪਹਿਲਾ 42 ਸਾਲਾਂ ਸੁਨਕ ਯੂਕੇ ਦੇ ਸਾਬਕਾ ਵਿੱਤ ਮੰਤਰੀ ਰਹਿ ਚੁੱਕੇ ਹਨ।
ਦਰਅਸਲ, ਲਿਜ਼ ਟਰਸ ਨੇ ਪਿਛਲੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦਿੰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਅਜਿਹੇ ਸਮੇਂ ‘ਚ ਦੇਸ਼ ਦੀ ਪ੍ਰਧਾਨ ਮੰਤਰੀ ਬਣੇ ਹਨ ਜਦੋਂ ਦੇਸ਼ ਆਰਥਿਕ ਸੰਕਟ ‘ਚੋਂ ਗੁਜ਼ਰ ਰਿਹਾ ਹੈ। ਲਿਜ਼ ਟਰਸ ਦੇ ਅਸਤੀਫੇ ਤੋਂ ਬਾਅਦ ਪੀਐਮ ਦੀ ਦੌੜ ਵਿੱਚ ਰਿਸ਼ੀ ਸੁਨਕ, ਬੋਰਿਸ ਜਾਨਸਨ ਅਤੇ ਪੇਨੀ ਮੋਰਡੇਂਟ ਦੇ ਨਾਮ ਚੱਲ ਰਹੇ ਸਨ। ਬੋਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਲਈ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪੈਨੀ ਮੋਰਡੈਂਟ ਉਚਿਤ ਸਮਰਥਨ ਇਕੱਠਾ ਨਹੀਂ ਕਰ ਸਕੀ। ਸੋਮਵਾਰ ਨੂੰ ਰਿਸ਼ੀ ਸੁਨਕ ਨੂੰ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਅਤੇ ਮੰਗਲਵਾਰ ਨੂੰ ਉਹ ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।
ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਿਸ਼ੀ ਸੁਨਕ ਨੂੰ ਵਧਾਈ ਦਿੰਦਿਆ ਟਵੀਟ ਕੀਤਾ ਹੈ। ਇਸ ਟਵੀਟ ਵਿੱਚ PM ਮੋਦੀ ਨੇ ਲਿਖਿਆ ਹੈ, “ਯੂਕੇ ਦੇ ਪ੍ਰਧਾਨ ਮੰਤਰੀ ਬਣਨ ’ਤੇ ਮੈਂ ਤੁਹਾਡੇ ਨਾਲ ਕੌਮਾਂਤਰੀ ਮੁੱਦਿਆ ‘ਤੇ ਕੰਮ ਕਰਨ ਦੇ ਨਾਲ ਹੀ ਰੋਡਮੈਪ 2030 ਨੂੰ ਅਮਲ ਵਿੱਚ ਲਿਆਉਣਾ ਚਾਹੁੰਗਾ।” ਬ੍ਰਿਟੇਨ ਅਤੇ ਭਾਰਤ ਨੇ ਵਪਾਰ ਤੋਂ ਲੈ ਕੇ ਨਿਵੇਸ਼ ਅਤੇ ਤਕਨਾਲੋਜੀ ਭਾਈਵਾਲੀ ਤੱਕ ਦੇ ਮੁੱਦਿਆਂ ‘ਤੇ ‘ਰੋਡਮੈਪ 2030’ ਨਾਮ ਦਾ ਇੱਕ ਸਮਝੌਤਾ ਕੀਤਾ ਹੈ। ਇਸ ਦੇ ਨਾਲ ਹੀ, ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਜਦੋਂ ਅਸੀਂ ਆਪਣੇ ਇਤਿਹਾਸਕ ਸਬੰਧਾਂ ਨੂੰ ਆਧੁਨਿਕ ਸਾਂਝੇਦਾਰੀ ਵਿੱਚ ਬਦਲ ਰਹੇ ਹਾਂ ਤਾਂ ਇਸ ਮੌਕੇ ‘ਤੇ ਬਰਤਾਨਵੀ ਭਾਰਤੀਆਂ ਨੂੰ ਦੀਵਾਲੀ ਦੀਆਂ ਵਿਸ਼ੇਸ਼ ਸ਼ੁਭਕਾਮਨਾਵਾਂ।” ਉੱਥੇ ਹੀ ਭਾਰਤੀ ਮੀਡੀਆ ਵਿੱਚ ਸੁਨਕ ਦੀ ਇਸ ਪ੍ਰਾਪਤੀ ਦੀ ਚਰਚਾ ਹੋਣੀ ਲਾਜ਼ਮੀ ਸਮਝੀ ਜਾਂਦੀ ਹੈ। ਸੁਨਕ ਦੇ ਦਾਦਾ-ਦਾਦੀ ਵੰਡ ਤੋਂ ਪਹਿਲਾਂ ਵਾਲੇ ਪੰਜਾਬ ਦੇ ਵਸਨੀਕ ਸਨ। ਰਿਸ਼ੀ ਦੇ ਸਹੁਰਾ ਨਰਾਇਣ ਮੂਰਤੀ ਇਨਫੋਸਿਸ ਦੇ ਸੰਸਥਾਪਕ ਅਤੇ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਹਨ।