ਮੌਜੂਦਾ ਸਮੇਂ ‘ਚ ਜਿੱਥੇ ਨਿਊਜ਼ੀਲੈਂਡ ਸਮੇਤ ਪੂਰਾ ਵਿਸ਼ਵ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ, ਉੱਥੇ ਹੀ ਹੁਣ ਦੇਸ਼ ਵਿੱਚ ਇੱਕ ਹੋਰ ਵਾਇਰਸ ਨੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਦਰਅਸਲ ਨਿਊਜ਼ੀਲੈਂਡ ਵਿੱਚ RSV ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਵਧੇਰੇ ਗਿਣਤੀ ਵਿੱਚ ਬੱਚੇ ਇਸ ਵਾਇਰਸ ਦਾ ਸ਼ਿਕਾਰ ਬਣ ਰਹੇ ਹਨ। ਵੈਲਿੰਗਟਨ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ 20 ਤੋਂ ਵੱਧ ਬੱਚੇ ਇਸ ਵਾਇਰਸ ਨਾਲ ਪੀਡ਼ਤ ਹਨ, ਜਿਨ੍ਹਾਂ ‘ਚੋਂ ਬਹੁਤ ਸਾਰੇ ਆਕਸੀਜਨ ‘ਤੇ ਹਨ। ਇੱਕ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਫਲੂ ਵਰਗੀ ਬਿਮਾਰੀ ਅਜੇ ਆਪਣੇ ਸਿਖਰ ‘ਤੇ ਹੈ, ਜਦਕਿ ਸਾਰੇ ਦੇਸ਼ ਦੇ ਹਸਪਤਾਲਾਂ ਵਿੱਚ ਮਾਮਲਿਆਂ ‘ਚ ਅਚਾਨਕ ਤੇਜ਼ੀ ਆਈ ਹੈ।
ਇਸ ਵਾਇਰਸ ਕਰਕੇ ਬੱਚਿਆਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ਼ ਹੁੰਦੀ ਹੈ, ਭੁੱਖ ਘੱਟ ਲੱਗਦੀ ਹੈ, ਬੁਖਾਰ, ਖੰਘ ਅਤੇ ਜ਼ੁਕਾਮ ਦੀ ਸਮੱਸਿਆ ਆਉਂਦੀ ਹੈ। ਇਸ ਵਾਇਰਸ ਕਾਰਨ ਬੱਚਿਆਂ ਦੇ ਮਾਪੇ ਵੀ ਕਈ ਤਰਾਂ ਦੀਆ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਵੈਲਿੰਗਟਨ ਹਸਪਤਾਲ ਦੇ ਚਾਈਲਡ ਹੈਲਥ ਸਰਵਿਸ ਦੇ ਕਲੀਨਿਕਲ ਹੈੱਡ Andrew Marshall ਨੇ ਕਿਹਾ ਕਿ ਇੱਕ ਪੂਰਾ ਵਾਰਡ ਵਾਇਰਸ ਨਾਲ ਪ੍ਰਭਾਵਿਤ ਬੱਚਿਆਂ ਨੂੰ ਸਮਰਪਿਤ ਹੈ, ਜਦਕਿ ਬਹੁਤ ਸਾਰੇ ਬੱਚੇ ਕਾਫੀ ਬਿਮਾਰ ਹਨ। ਡਾਕਟਰਾਂ ਵੱਲੋ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਤਰਾਂ ਸਾਵਧਾਨੀਆਂ ਵਰਤ ਕੇ ਇਸ ਵਾਇਰਸ ਤੋਂ ਵੀ ਬਚਿਆ ਜਾਂ ਸਕਦਾ ਹੈ।