ਫਲਾਇੰਗ ਸਿੱਖ ਮਿਲਖਾ ਸਿੰਘ ਇੱਕ ਮਹੀਨੇ ਤੱਕ ਕੋਰੋਨਾ ਨਾਲ ਲੜਨ ਤੋਂ ਬਾਅਦ ਜ਼ਿੰਦਗੀ ਦੀ ਦੌੜ ਹਾਰ ਗਏ ਹਨ। ਬੀਤੀ ਰਾਤ ਉਨ੍ਹਾਂ ਦਾ PGI ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਹੈ। ਇਸ ਹਫਤੇ ਹੀ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਸੀ, ਮਿਲਖਾ ਸਿੰਘ ਨੇ 91 ਵੇਂ ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ, ਜਦਕਿ ਨਿਰਮਲ ਮਿਲਖਾ ਸਿੰਘ 85 ਸਾਲਾਂ ਦੇ ਸਨ। ਮਿਲਖਾ ਸਿੰਘ ਹਾਲ ਹੀ ਵਿੱਚ ਕੋਰੋਨਾ ਨੈਗੇਟਿਵ ਹੋ ਗਏ ਸੀ, ਪਰ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ।
ਇਸ ਹਫ਼ਤੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਮਿਲਖਾ ਸਿੰਘ ਆਪਣੀ ਪਤਨੀ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਿਲ ਨਹੀਂ ਹੋ ਸਕੇ ਸੀ ਕਿਉਂਕਿ ਉਹ ਖ਼ੁਦ ਆਈਸੀਯੂ ਵਿੱਚ ਦਾਖਲ ਸਨ। ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਨੇ ਵੀ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਹਸਪਤਾਲ ਨੇ ਆਪਣੇ ਬਿਆਨ ਵਿੱਚ ਕਿਹਾ ਹੈ, “ਮਿਲਖਾ ਸਿੰਘ ਨੂੰ 3 ਜੂਨ ਨੂੰ PGIMER ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਕੋਰੋਨਾ ਇਲਾਜ ਇੱਥੇ 13 ਤਰੀਕ ਤੱਕ ਜਾਰੀ ਰਿਹਾ। ਆਖਰਕਾਰ ਉਹ ਕੋਰੋਨਾ ਨੈਗੇਟਿਵ ਆਏ।
ਹਾਲਾਂਕਿ, ਬਾਅਦ ਵਿੱਚ ਪੋਸਟ ਕੋਵਿਡ ਦੀਆਂ ਸਮੱਸਿਆਵਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਹਸਪਤਾਲ ਤੋਂ ਮੈਡੀਕਲ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਸਾਰੇ ਯਤਨਾਂ ਦੇ ਬਾਅਦ ਵੀ ਉਹ ਗੰਭੀਰ ਸਥਿਤੀ ਤੋਂ ਬਾਹਰ ਨਹੀਂ ਆ ਸਕੇ ਅਤੇ 18 ਜੂਨ ਦੀ ਰਾਤ 11.30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।”