ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਇੱਕ ਵੱਡਾ ਕਦਮ ਚੁੱਕਦੇ ਹੋਏ ਭਾਰਤ ਨੇ ਫਿਲਹਾਲ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਹੈ। ਭਾਰਤ ਵੱਲੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਅਗਲੇ ਨੋਟਿਸ ਤੱਕ ਵੀਜ਼ਾ ਸੇਵਾ ਮੁਅੱਤਲ ਰਹੇਗੀ। ਇਸ ਫੈਸਲੇ ਕਾਰਨ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਹੋਰ ਵੱਧ ਸਕਦਾ ਹੈ। ਪਹਿਲਾਂ ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਹੁਣ ਨਵੀਂ ਦਿੱਲੀ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਿਕ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਬੀਐਲਐਸ ਇੰਟਰਨੈਸ਼ਨਲ, ਜੋ ਕਿ ਕੈਨੇਡਾ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰ ਚਲਾਉਂਦਾ ਹੈ, ਨੇ ਆਪਣੀ ਕੈਨੇਡੀਅਨ ਵੈਬਸਾਈਟ ‘ਤੇ ਇਸ ਸਬੰਧ ਵਿੱਚ ਇੱਕ ਸੰਦੇਸ਼ ਪੋਸਟ ਕੀਤਾ ਹੈ। ਸੰਦੇਸ਼ ਵਿੱਚ ਲਿਖਿਆ ਗਿਆ ਹੈ, “ਭਾਰਤੀ ਮਿਸ਼ਨ ਤੋਂ ਮਹੱਤਵਪੂਰਨ ਜਾਣਕਾਰੀ: ਕਾਰਜਸ਼ੀਲ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਨੋਟਿਸ ਤੱਕ ਵੀਰਵਾਰ (21 ਸਤੰਬਰ 2023) ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।”