ਬ੍ਰਾਜ਼ੀਲ ਦੇ ਏਸਪੀਰੀਟੋ ਸੈਂਟੋ ਸੂਬੇ ‘ਚ ਸ਼ੁੱਕਰਵਾਰ 25 ਨਵੰਬਰ ਨੂੰ ਇੱਕ ਬੰਦੂਕਧਾਰੀ ਵਲੋਂ ਦੋ ਸਕੂਲਾਂ ‘ਚ ਕੀਤੀ ਗੋਲੀਬਾਰੀ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਗੰਭੀਰ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ‘ਚ ਬ੍ਰਾਜ਼ੀਲ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਬ੍ਰਾਜ਼ੀਲ ਦੇ ਸਕੂਲਾਂ ‘ਤੇ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਕੋਲ ਕਥਿਤ ਤੌਰ ‘ਤੇ ਸੈਮੀ-ਆਟੋਮੈਟਿਕ ਹਥਿਆਰ ਸੀ। ਉਸ ਨੂੰ ਸੁਰੱਖਿਆ ਫੁਟੇਜ ‘ਚ ਦੇਖਿਆ ਜਾ ਸਕਦਾ ਹੈ। ਕਥਿਤ ਸ਼ੂਟਰ ਨੇ ਫੌਜੀ ਕੱਪੜੇ ਪਾਏ ਹੋਏ ਸਨ, ਜਦੋਂ ਕਿ ਉਸ ਦਾ ਚਿਹਰਾ ਢੱਕਿਆ ਹੋਇਆ ਸੀ।
ਮੀਡੀਆ ਰਿਪੋਰਟਾਂ ਮੁਤਾਬਿਕ ਸ਼ੱਕ ਹੈ ਕਿ ਗੋਲੀ ਚਲਾਉਣ ਵਾਲੇ ਦੀ ਉਮਰ ਮਹਿਜ਼ 16 ਸਾਲ ਹੋ ਸਕਦੀ ਹੈ। ਇਹ ਹਮਲਾ ਵਿਸ਼ੇਸ਼ ਤੌਰ ‘ਤੇ ਰਾਜ ਦੀ ਰਾਜਧਾਨੀ ਵਿਟੋਰੀਆ ਤੋਂ 50 ਮੀਲ ਉੱਤਰ ਵੱਲ ਅਰਾਕਰੂਜ਼ ਦੇ ਛੋਟੇ ਜਿਹੇ ਕਸਬੇ ਵਿੱਚ ਹੋਇਆ ਹੈ। ਇੱਕ ਟਵੀਟ ਵਿੱਚ, ਐਸਪੀਰੀਟੋ ਸੈਂਟੋ ਦੇ ਗਵਰਨਰ, ਰੇਨਾਟੋ ਕੈਸਾਗਰਾਂਡੇ ਨੇ ਸ਼ੁੱਕਰਵਾਰ ਨੂੰ ਹਮਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਲਿਖਿਆ, “ਸੁਰੱਖਿਆ ਟੀਮਾਂ ਨੇ ਹਮਲਾਵਰ ਨੂੰ ਫੜ ਲਿਆ ਹੈ, ਜਿਸ ਨੇ ਅਰਾਕਰੂਜ਼ ਦੇ ਦੋ ਸਕੂਲਾਂ ‘ਤੇ ਕਾਇਰਤਾ ਨਾਲ ਹਮਲਾ ਕੀਤਾ ਸੀ। ਮੈਂ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਅਸੀਂ ਕਾਰਨਾਂ ਦੀ ਜਾਂਚ ਜਾਰੀ ਰੱਖਾਂਗੇ ਅਤੇ ਜਲਦੀ ਹੀ ਸਾਡੇ ਕੋਲ ਨਵੇਂ ਸਪੱਸ਼ਟੀਕਰਨ ਹੋਣਗੇ।” ਗਵਰਨਰ ਨੇ ਅੱਗੇ ਕਿਹਾ, “ਹਮਲੇ ਪ੍ਰਿਮੋ ਬਿੱਟੀ ਸਕੂਲ ਅਤੇ ਪ੍ਰਿਆ ਡੀ ਕੋਕੇਰਲ ਐਜੂਕੇਸ਼ਨਲ ਸੈਂਟਰ ‘ਤੇ ਹੋਏ ਸਨ।”