ਫਰੀਦਕੋਟ ਦੀ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਐਤਵਾਰ ਨੂੰ ਪੈਰਾ ਮੈਡੀਕਲ ਦੀਆਂ ਵੱਖ-ਵੱਖ ਭਰਤੀਆਂ ਤਹਿਤ ਲਏ ਗਏ ਪੇਪਰ ਦੌਰਾਨ ਇੱਕ ਮੁੰਡਾ ਕੁੜੀ ਦਾ ਭੇਸ ਬਣਾ ਕੇ ਕੋਟਕਪੂਰਾ ਸਥਿਤ ਇੱਕ ਸੈਂਟਰ ‘ਚ ਪੇਪਰ ਦੇਣ ਗਿਆ। ਐਤਵਾਰ ਨੂੰ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਮਲਟੀ ਪਰਪਜ਼ ਹੈਲਥ ਵਰਕਰ ਦੀਆਂ 806 ਅਤੇ ਓਫਥੈਲਮਿਕ ਅਫਸਰ ਦੀਆਂ 83 ਅਸਾਮੀਆਂ ਲਈ ਪ੍ਰੀਖਿਆ ਲਈ ਹੈ। ਇਸ ਪ੍ਰੀਖਿਆ ਲਈ ਯੂਨੀਵਰਸਿਟੀ ਵੱਲੋਂ ਫਰੀਦਕੋਟ, ਫ਼ਿਰੋਜ਼ਪੁਰ ਅਤੇ ਕੋਟਕਪੂਰਾ ਵਿੱਚ 26 ਕੇਂਦਰ ਬਣਾਏ ਗਏ ਸਨ। ਇਨ੍ਹਾਂ ਵਿੱਚੋਂ 7500 ਉਮੀਦਵਾਰ ਪ੍ਰੀਖਿਆ ਦੇਣ ਲਈ ਆਏ ਸਨ।
ਇਸੇ ਦੌਰਾਨ ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਦੇ ਸੈਂਟਰ ਵਿੱਚ ਇੱਕ ਨੌਜਵਾਨ ਨੂੰ ਕੁੜੀ ਦਾ ਰੂਪ ਦੇ ਕੇ ਇੱਕ ਹੋਰ ਕੁੜੀ ਦਾ ਪੇਪਰ ਦੇਣ ਵਾਲੇ ਨੂੰ ਕਾਬੂ ਕੀਤਾ ਗਿਆ ਹੈ। ਪਰ ਉਸ ਦੀ ਜਗ੍ਹਾ ਪੇਪਰ ਦੇਣ ਆਈ ਲੜਕੀ ‘ਤੇ ਸ਼ੱਕ ਹੋਣ ‘ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੋਈ ਕੁੜੀ ਨਹੀਂ ਇੱਕ ਮੁੰਡਾ ਹੈ। ਕਾਗਜ਼ਾਂ ਵਿੱਚ ਜਾਅਲੀ ਵੋਟਰ ਕਾਰਡ ਆਦਿ ਵੀ ਬਣਾਏ ਗਏ ਸਨ। ਪੁਲਿਸ ਨੇ ਉਕਤ ਨੌਜਵਾਨ ਨੂੰ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐਸ.ਐਸ.ਪੀ ਹਰਜੀਤ ਸਿੰਘ ਨੇ ਕਿਹਾ ਕਿ ਕਾਨੂੰਨੀ ਜਾਣਕਾਰੀ ਮਿਲਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾਵੇਗੀ, ਜਦਕਿ ਜਿਸ ਲੜਕੀ ਦੀ ਉਹ ਪੇਪਰ ਦੇਣ ਆਈ ਸੀ, ਉਸ ਦਾ ਦਾਖ਼ਲਾ ਰੱਦ ਕਰ ਦਿੱਤਾ ਜਾਵੇਗਾ।