ਮੈਲਬੋਰਨ ਦੇ ਬਰੇਬਰੁੱਕ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਘਰਵਾਲੀ ਦੀ ਕਾਰ ਚਲਾ ਕੇ ਡਰਾਈਵਰੀ ਸਿੱਖਣ ਦੀ ਕੋਸ਼ਿਸ ਕਰ ਰਹੇ ਇੱਕ ਵਿਅਕਤੀ ਨੇ ਅਜਿਹਾ ਚੰਨ ਚਾੜਿਆ ਹੈ ਕਿ ਮਾਮਲਾ ਜਾਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇੱਥੇ ਘਰ ‘ਚ ਖੇਡਦੇ 8 ਸਾਲਾ ਬੱਚੇ ਨੂੰ ਇਨੀਆਂ ਜਿਆਦਾ ਗੰਭੀਰ ਸੱਟਾਂ ਲੱਗੀਆਂ ਸਨ ਕਿ ਹੁਣ ਉਹ ਸ਼ਾਇਦ ਹੀ ਦੁਬਾਰਾ ਤੁਰ ਸਕੇ। ਹੋਇਆ ਇਹ ਸੀ ਕਿ ਕਾਰ ਸਿੱਖ ਰਹੇ ਗੁਆਂਢੀ ਨੇ ਬ੍ਰੈਕ ਦੀ ਥਾਂ ਰੇਸ ‘ਤੇ ਪੈਰ ਰੱਖ ਦਿੱਤਾ ਸੀ ਜਿਸ ਮਗਰੋਂ ਉਸ ਨੇ ਪਹਿਲਾਂ 3 ਕਾਰਾਂ ਨੂੰ ਟੱਕਰ ਮਾਰੀ ਫਿਰ ਆਪਣੇ ਗੁਆਂਢੀ ਦੇ ਘਰ ਨੂੰ ਟੱਕਰ ਮਾਰ ਉੱਥੇ ਖੇਡ ਰਹੇ ਜਵਾਕ ਨੂੰ ਜ਼ਖਮੀ ਕਰ ਦਿੱਤਾ। ਠੀਕ ਹੋਣ ਤੋਂ ਬਾਅਦ ਹੁਸੀਏਨ ਪੇਕ ਨਾਮ ਦੇ ਬੱਚੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਆਪਣੇ 3 ਸਾਲਾ ਛੋਟੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ‘ਚ ਉਸਦਾ ਛੋਟਾ ਭਰਾ ਤਾਂ ਬਚ ਗਿਆ ਪਰ ਉਹ ਆਪ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਦੋਸ਼ੀ ਡਰਾਈਵਰ ਨੂੰ ਬੀਤੇ ਦਿਨੀਂ ਜੇਲ ਦੀ ਸਜ਼ਾ ਸੁਣਾਈ ਗਈ ਹੈ।