ਪਿਛਲੇ ਕੁੱਝ ਸਮੇਂ ਤੋਂ ਨਿਊਜ਼ੀਲੈਂਡ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਵੱਡਾ ਵਾਧਾ ਹੋਇਆ ਹੈ। ਇੰਨ੍ਹਾਂ ਲੁੱਟਾਂ ਖੋਹਾਂ ਨੇ ਜਿੱਥੇ ਕਾਰੋਬਾਰੀਆਂ ਦੀ ਚਿੰਤਾ ਵਧਾਈ ਹੈ, ਉੱਥੇ ਹੀ ਪੁਲਿਸ ਅਤੇ ਮਾਪਿਆਂ ਦੀਆਂ ਚਿੰਤਾਵਾਂ ‘ਚ ਵੀ ਵੱਡਾ ਵਾਧਾ ਕੀਤਾ ਹੈ, ਕਿਉਂਕ ਇੰਨ੍ਹਾਂ ਵਾਰਦਾਤਾਂ ‘ਚ ਵੱਡੀ ਗਿਣਤੀ ‘ਚ ਨੌਜਵਾਨ ਅਤੇ 18 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਸ਼ਾਮਿਲ ਹੁੰਦੇ ਨੇ। ਅਜਿਹੀਆਂ ਹੀ ਵਾਰਦਾਤਾਂ ਦੇ ਨਾਲ ਜੁੜਿਆ ਹੁਣ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀ ਵੀ ਹੈਰਾਨ ਹੋ ਜਾਵੋਂਗੇ, ਦਰਅਸਲ ਪਿਛਲੇ ਹਫਤੇ ਕ੍ਰਾਈਸਟਚਰਚ ਵਿੱਚ “ਗੰਭੀਰ” ਘਟਨਾਵਾਂ ਦੀ ਇੱਕ ਲੜੀ ਤੋਂ ਬਾਅਦ ਇੱਕ 14 ਸਾਲਾ ਬੱਚੇ ‘ਤੇ 81 ਦੋਸ਼ ਲਾਏ ਗਏ ਹਨ। ਇੰਨ੍ਹਾਂ 81 ਦੋਸ਼ਾਂ ਦੇ ਤਹਿਤ ਹੁਣ ਬੱਚੇ ਨੂੰ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਸੁਪਰਡੈਂਟ ਲੇਨ ਟੌਡ ਨੇ ਕਿਹਾ ਕਿ ਦੋਸ਼ਾਂ ਵਿੱਚ ਜ਼ਖਮੀ ਕਰਨ ਦੇ ਇਰਾਦੇ ਨਾਲ ਹਮਲੇ, ਕਾਰ ਚੋਰੀ, ਲੁੱਟ ਅਤੇ ਚੋਰੀ ਸ਼ਾਮਿਲ ਹਨ। ਪੁਲਿਸ ਨੇ ਕਿਹਾ ਕਿ 14 ਸਾਲਾ ਬੱਚੇ ਨੂੰ ਸੁਰੱਖਿਅਤ ਲੱਭਣ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ। ਤਿੰਨ ਹੋਰ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਯੂਥ ਏਡ ਵੱਲੋਂ ਉਨ੍ਹਾਂ ਨਾਲ ਨਜਿੱਠਿਆ ਜਾਵੇਗਾ। ਟੌਡ ਨੇ ਕਿਹਾ, “ਪੁਲਿਸ ਨੂੰ ਭਰੋਸਾ ਹੈ ਕਿ ਚਾਰੇ ਕਥਿਤ ਤੌਰ ‘ਤੇ ਕ੍ਰਾਈਸਟਚਰਚ ਸਿਟੀ ਵਿੱਚ ਵਾਹਨ ਚੋਰੀ ਅਤੇ ਹਮਲਿਆਂ ਦੀਆਂ ਰਿਪੋਰਟਾਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ।”