ਆਕਲੈਂਡ ਵਿੱਚ ਡੇਂਗੂ ਬੁਖਾਰ ਹੋਣ ਤੋਂ ਬਾਅਦ ਇੱਕ 12 ਸਾਲਾ ਸਮੋਈ ਮੁੰਡੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮੋਈ ਮੀਡੀਆ ਨੇ ਪੁਸ਼ਟੀ ਕੀਤੀ ਕਿ ਮਿਸੀਆਫਾ ਲੇਨੇ ਦੀ ਮੌਤ ਪਿਛਲੇ ਐਤਵਾਰ ਨੂੰ ਹੋਈ ਸੀ, ਇੱਕ ਦਿਨ ਬਾਅਦ ਜਦੋਂ ਉਸਨੂੰ ਸਮੋਈਆ ਤੋਂ ਆਕਲੈਂਡ ਦੇ ਸਟਾਰਸ਼ਿਪ ਚਿਲਡਰਨਜ਼ ਹਸਪਤਾਲ ਲਿਜਾਇਆ ਗਿਆ ਸੀ। ਮੁੰਡੇ ਦੇ ਪਿਤਾ ਲੂਈਸ ਲੇਨੇ ਨੇ ਫੇਸਬੁੱਕ ‘ਤੇ ਇੱਕ ਪੋਸਟ ਵਿੱਚ ਆਪਣਾ ਦੁੱਖ ਪ੍ਰਗਟ ਕੀਤਾ ਜਿੱਥੇ ਸੈਂਕੜੇ ਟਿੱਪਣੀਕਾਰਾਂ ਨੇ ਸਹਾਇਤਾ ਦੀ ਪੇਸ਼ਕਸ਼ ਕੀਤੀ। ਮੱਛਰਾਂ ਕਾਰਨ ਹੋਣ ਵਾਲੇ ਡੇਂਗੂ ਬੁਖਾਰ ਦੌਰਾਨ ਅਚਾਨਕ ਤੇਜ਼ ਬੁਖਾਰ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਤੇਜ਼ ਦਰਦ, ਅੱਖਾਂ ਦੇ ਪਿੱਛੇ ਦਰਦ ਅਤੇ ਧੱਫੜ ਵਰਗੇ ਲੱਛਣ ਹੋ ਸਕਦੇ ਹਨ। ਦੱਸ ਦੇਈਏ ਸਮੋਈਆ, ਫਿਜੀ ਅਤੇ ਟੋਂਗਾ ਵਿੱਚ ਵਾਇਰਲ ਇਨਫੈਕਸ਼ਨ ਦਾ ਪ੍ਰਕੋਪ ਚੱਲ ਰਿਹਾ ਹੈ। ਸਿਹਤ ਡਾਇਰੈਕਟਰ-ਜਨਰਲ ਅਯੋਨੋ ਡਾ. ਅਲੇਕ ਏਕੇਰੋਮਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਮੋਈਆ ਵਿੱਚ ਪ੍ਰਤੀ ਹਫ਼ਤੇ ਪੰਜ ਤੋਂ ਘੱਟ ਕੇਸ ਸਨ। ਟੋਂਗਾ ਦੇ ਸਿਹਤ ਮੰਤਰਾਲੇ ਨੇ 14 ਅਪ੍ਰੈਲ ਤੱਕ ਡੇਂਗੂ ਦੇ ਕੁੱਲ 492 ਕੇਸਾਂ ਦੀ ਰਿਪੋਰਟ ਕੀਤੀ ਸੀ। ਇਨ੍ਹਾਂ ਵਿੱਚੋਂ ਛੇ ਹਸਪਤਾਲ ਵਿੱਚ ਸਨ।
