ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਕਈ ਦੇਸ਼ਾ ਨੇ ਸਖਤ ਪਬੰਦੀਆਂ ਵੀ ਲਾਗੂ ਕੀਤੀਆਂ ਹਨ। ਇੰਨ੍ਹਾਂ ਸਖਤ ਪਬੰਦੀਆਂ ਲਾਗੂ ਕਰਨ ਵਾਲੇ ਦੇਸ਼ਾ ਵਿੱਚ ਨਿਊਜ਼ੀਲੈਂਡ ਵੀ ਇੱਕ ਹੈ। ਕੋਰੋਨਾ ਕਾਰਨ ਡੇਢ ਸਾਲ ਪਹਿਲਾ ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸੀ। ਪਰ ਸਰਕਾਰ ਦੇ ਇਸ ਫੈਸਲੇ ਕਾਰਨ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਅਲਗ ਬੈਠੇ ਹਨ। ਹੁਣ ਬਾਰਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਭਾਰਤ ‘ਚ ਫਸੇ ਸਾਰੇ ਵੀਜ਼ਾ ਧਾਰਕਾਂ ਨੇ ਦਿੱਲੀ ‘ਚ ਨਿਊਜ਼ੀਲੈਂਡ embassy ਦੇ ਬਾਹਰ ਧਰਨਾ ਲਗਾਇਆ ਹੈ।
ਕੋਰੋਨਾ ਮਹਾਂਮਾਰੀ ਦੇ ਕਾਰਨ ਪਿਛਲੇ ਡੇਢ ਸਾਲਾ ਤੋਂ ਨਿਊਜ਼ੀਲੈਂਡ ਦੀਆਂ ਸਰਹੱਦਾਂ ਬੰਦ ਹਨ, ਜਿਸ ਕਾਰਨ ਸੈਂਕੜੇ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਸ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿੱਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਸ਼ਾਮਿਲ ਹਨ ਜਿਨ੍ਹਾਂ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਨਿਊਜ਼ੀਲੈਂਡ ਵਿੱਚ ਦਾਖਲਾ ਲਿਆ ਸੀ ਪਰ ਹੁਣ ਉਹ ਭਾਰਤ ਤੋਂ ਨਿਊਜ਼ੀਲੈਂਡ ਜਾਣ ਤੋਂ ਅਸਮਰੱਥ ਹਨ। ਇਸੇ ਤਰਾਂ ਇੱਕ ਉਦਾਹਰਣ ਪੰਜਾਬ ਦੇ ਵਾਸੀ ਜਗਵਿੰਦਰ ਦੀ ਹੈ। ਜੋ ਭਾਰਤ ਵਿੱਚ ਹੈ ਅਤੇ ਉਸਦੀ ਪਤਨੀ ਪਿਛਲੇ ਡੇਢ ਸਾਲ ਤੋਂ ਨਿਊਜ਼ੀਲੈਂਡ ਵਿੱਚ ਹੈ। ਜਗਵਿੰਦਰ 19 ਮਾਰਚ 2020 ਨੂੰ ਪੰਜਾਬ ਵਿੱਚ ਆਪਣੇ ਘਰ ਆਇਆ ਸੀ ਪਰ ਉਸ ਤੋਂ ਬਾਅਦ ਕੋਰੋਨਾ ਕਾਰਨ ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ। ਉਦੋਂ ਤੋਂ ਜਗਵਿੰਦਰ ਭਾਰਤ ਵਿੱਚ ਹੈ ਅਤੇ ਉਸਦੀ ਪਤਨੀ ਪਰਵਿੰਦਰ ਨਿਊਜ਼ੀਲੈਂਡ ਵਿੱਚ ਹੈ। ਦੋਵੇਂ ਵੀਡੀਓ ਕਾਲ ਰਾਹੀਂ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਹਨ।
ਇਹ ਸਿਰਫ ਜਗਵਿੰਦਰ ਹੀ ਨਹੀਂ ਉਸ ਵਰਗੇ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਦਸ ਤੋਂ ਪੰਦਰਾਂ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ। ਉਹ ਕੁੱਝ ਦਿਨਾਂ ਲਈ ਭਾਰਤ ਆਏ ਸੀ ਪਰ 18 ਮਹੀਨਿਆਂ ਤੋਂ ਵਾਪਿਸ ਨਹੀਂ ਜਾ ਸਕੇ। ਇਸੇ ਤਰਾਂ ਗੁਰਵਿੰਦਰ 20 ਲੱਖ ਰੁਪਏ ਦਾ ਕਰਜ਼ਾ ਲੈ ਕੇ ਨਿਊਜ਼ੀਲੈਂਡ ਪੜ੍ਹਨ ਗਿਆ ਸੀ। ਛੁੱਟੀਆਂ ‘ਤੇ ਭਾਰਤ ਆਇਆ ਸੀ, ਹੁਣ ਡੇਢ ਸਾਲ ਤੋਂ ਇਥੇ ਹੀ ਹੈ। ਇਹ ਸਾਰੇ ਸਵਾਲ ਪ੍ਰੇਸ਼ਾਨ ਕਰਨ ਵਾਲੇ ਹਨ। ਅਜਿਹਾ ਹੀ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ, ‘ਮੈਨੂੰ 2016 ਵਿੱਚ ਵਰਕ ਪਰਮਿਟ ਮਿਲਿਆ, ਮੈਂ ਇੱਕ ਵੇਅਰਹਾਊਸ ਕੰਪਨੀ ਵਿੱਚ ਲੌਜਿਸਟਿਕਸ ਵਿੱਚ ਸੀ, ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ ਅਤੇ ਉਦੋਂ ਤੋਂ ਹੀ ਇੱਥੇ ਫਸਿਆ ਹੋਇਆ ਹਾਂ। 25 ਲੱਖ ਦਾ ਕਰਜ਼ਾ ਲੈ ਕੇ ਗਿਆ ਸੀ, ਹੁਣ ਇੱਥੇ ਫੱਸ ਗਿਆ ਹਾਂ, ਹੁਣ ਨਾ ਤਾਂ ਏਧਰ ਦਾ ਹਾਂ ਅਤੇ ਨਾ ਹੀ ਓਧਰ ਦਾ। ਅਸੀਂ ਨਿਊਜ਼ੀਲੈਂਡ ਸਰਕਾਰ ਨੂੰ ਸਿਰਫ ਇੱਕ ਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਵੀਜ਼ਾ ਵਧਾਇਆ ਜਾਵੇ।”
ਇਨ੍ਹਾਂ ਲੋਕਾਂ ਨੇ ਇਸ ਸਬੰਧ ਵਿੱਚ ਭਾਰਤ ਸਰਕਾਰ ਨੂੰ ਕਈ ਵਾਰ ਪੱਤਰ ਵੀ ਲਿਖਿਆ ਹੈ, ਨਿਊਜ਼ੀਲੈਂਡ ਸਰਕਾਰ ਤੋਂ ਛੋਟ ਅਤੇ ਮਿਆਦ ਪੁੱਗ ਗਏ ਵੀਜ਼ੇ ਦੇ ਨਵੀਨੀਕਰਨ ਦੀ ਮੰਗ ਕੀਤੀ ਹੈ, ਪਰ ਅੱਜ ਤੱਕ ਕੋਈ ਹੱਲ ਨਹੀਂ ਲੱਭਿਆ ਗਿਆ। ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਕੋਈ ਮੱਧ ਰਸਤਾ ਲੱਭਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਖਤਮ ਹੋ ਸਕਣ।