ਵੀਰਵਾਰ ਨੂੰ ਪਾਕਿਸਤਾਨ ਪੰਜਾਬ ਦੇ ਬਹਾਵਲਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇੱਥੇ ਸ਼ੀਆ ਮੁਸਲਮਾਨਾਂ ਦੇ ਜਲੂਸ ਦੌਰਾਨ ਸੜਕ ਕਿਨਾਰੇ ਹੋਏ ਧਮਾਕੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਜਦਕਿ 50 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ, ਇਹ ਧਮਾਕਾ ਮੱਧ ਪਾਕਿਸਤਾਨ ਵਿੱਚ ਸ਼ੀਆ ਮੁਸਲਮਾਨਾਂ ਦੇ ਇੱਕ ਜਲੂਸ ਦੇ ਦੌਰਾਨ ਹੋਇਆ ਹੈ। ਸਥਾਨਕ ਪੁਲਿਸ ਨੇ ਧਮਾਕੇ ਵਿੱਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ’ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜ਼ਖਮੀ ਲੋਕ ਸੜਕ ਦੇ ਕਿਨਾਰੇ ਧਮਾਕੇ ਤੋਂ ਬਾਅਦ ਮਦਦ ਦੀ ਉਡੀਕ ‘ਚ ਬੈਠੇ ਹਨ।
ਸਿਟੀ ਪੁਲਿਸ ਅਧਿਕਾਰੀ ਮੁਹੰਮਦ ਅਸਦ ਅਤੇ ਸ਼ੀਆ ਨੇਤਾ ਖਾਵਰ ਸ਼ਫਕਤ ਨੇ ਬੰਬ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ। ਚਸ਼ਮਦੀਦਾਂ ਅਨੁਸਾਰ ਸ਼ਹਿਰ ਵਿੱਚ ਤਣਾਅ ਕਾਫੀ ਵੱਧ ਗਿਆ ਹੈ। ਸ਼ੀਆ ਭਾਈਚਾਰਾ ਹਮਲੇ ਤੋਂ ਬਾਅਦ ਬਦਲਾ ਲੈਣ ਦੀ ਮੰਗ ਕਰ ਰਿਹਾ ਹੈ। ਇਸ ਦੇ ਨਾਲ ਹੀ, ਸ਼ੀਆ ਨੇਤਾ ਖਵਾਰ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸ਼ੀਆ ਭਾਈਚਾਰੇ ਦਾ ਜਲੂਸ ਮੁਜਾਹਿਰ ਕਾਲੋਨੀ ਦੇ ਭੀੜ -ਭੜੱਕੇ ਵਾਲੇ ਖੇਤਰ ਤੋਂ ਨਿਕਲ ਰਿਹਾ ਸੀ। ਉਨ੍ਹਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਖਾਵਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਜਲੂਸਾਂ ਵਿੱਚ ਸੁਰੱਖਿਆ ਵਧਾਏ। ਇਸ ਖੇਤਰ ਵਿੱਚ ਸੰਚਾਰ ਸੇਵਾਵਾਂ ਪਹਿਲਾਂ ਹੀ ਬੰਦ ਹਨ। ਪਾਕਿਸਤਾਨ ਵਿੱਚ ਸ਼ੀਆ ਦੇ ਆਸ਼ੁਰਾ ਤਿਉਹਾਰ ਦੇ ਮੱਦੇਨਜ਼ਰ ਇੱਕ ਦਿਨ ਪਹਿਲਾਂ ਫੋਨ ਸੇਵਾ ਬੰਦ ਕਰ ਦਿੱਤੀ ਗਈ ਸੀ।