ਬੁੱਧਵਾਰ ਨੂੰ ਉੱਤਰੀ ਪਾਕਿਸਤਾਨ ਵਿੱਚ ਚੀਨ ਦੇ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਹੋਏ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 9 ਚੀਨੀ ਇੰਜੀਨੀਅਰ ਅਤੇ ਸੁਰੱਖਿਆ ਬਲ ਦੇ 2 ਜਵਾਨ ਵੀ ਸ਼ਾਮਿਲ ਸਨ। ਬੱਸ ਵਿੱਚ ਇਹ ਧਮਕਾ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਬੱਸ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ । ਇਹ ਧਮਾਕਾ ਉੱਪਰੀ ਕੋਹਿਸਤਾਨ ਵਿੱਚ ਹੋਇਆ ਸੀ। ਘਟਨਾ ਬੁੱਧਵਾਰ ਸਵੇਰ ਦੀ ਦੱਸੀ ਜਾ ਰਹੀ ਹੈ।
ਪਾਕਿਸਤਾਨੀ ਮੀਡੀਆ ਦੇ ਅਨੁਸਾਰ ਬੱਸ ਵਿੱਚ ਚੀਨੀ ਇੰਜੀਨੀਅਰ ਸਵਾਰ ਸਨ। ਇਹ ਦਾਸੂ ਡੈਮ ਉੱਤੇ ਕੰਮ ਕਰ ਰਹੇ ਸਨ। ਬੱਸ ਵਿੱਚ 30 ਇੰਜੀਨੀਅਰ ਅਤੇ ਕਰਮਚਾਰੀ ਸਵਾਰ ਸਨ। ਬੱਸ ਦੀ ਸੁਰੱਖਿਆ ਪਾਕਿਸਤਾਨੀ ਸੈਨਿਕ ਕਰ ਰਹੇ ਸਨ। ਬੰਬ ਕਿੱਥੇ ਰੱਖਿਆ ਗਿਆ ਸੀ ਅਤੇ ਇਸਦੀ ਘਣਤਾ ਕਿੰਨੀ ਸੀ? ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਡਿਪਟੀ ਕਮਿਸ਼ਨਰ ਮੁਹੰਮਦ ਆਰਿਫ਼ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ। ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਵਿੱਚ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਇਆ ਸੀ। ਇਸ ਵਿੱਚ ਇੱਕ ਕਪਤਾਨ ਸਣੇ 12 ਸਿਪਾਹੀ ਮਾਰੇ ਗਏ ਸਨ। ਜਦਕਿ 15 ਜਵਾਨ ਵੀ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾ ਅੱਤਵਾਦੀਆਂ ਨੇ 6 ਦੂਰਸੰਚਾਰ ਆਪਰੇਟਰਾਂ ਨੂੰ ਬੰਧਕ ਬਣਾ ਲਿਆ ਸੀ।