ਅਮਰੀਕਾ ਵਿੱਚ ਸਾਊਥਵੈਸਟ ਏਅਰਲਾਈਨਜ਼ ਦੇ ਇੱਕ ਜਹਾਜ਼ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਟੇਕ-ਆਫ ਦੌਰਾਨ ਜਹਾਜ਼ ਦਾ ਇੰਜਣ ਨਿਕਲ ਕੇ “ਵਿੰਗ ਫਲੈਪ” ਵਿੱਚ ਫਸ ਗਿਆ। ਇਸ ਹਾਦਸੇ ਤੋਂ ਬਾਅਦ ਜਹਾਜ਼ ਨੂੰ ਕੋਲੋਰਾਡੋ ਸੂਬੇ ਦੇ ਡੇਨਵਰ ਵਾਪਿਸ ਜਾਣਾ ਪਿਆ। ਇਸ ਪੂਰੇ ਮਾਮਲੇ ਦੀ ਜਾਣਕਾਰੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦਿੱਤੀ ਹੈ। ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸਾਊਥਵੈਸਟ ਏਅਰਲਾਈਨਜ਼ ਨੇ ਇਕ ਬਿਆਨ ‘ਚ ਕਿਹਾ ਕਿ ਬੋਇੰਗ 737 ਜਹਾਜ਼ ਸੁਰੱਖਿਅਤ ਉਤਰ ਗਿਆ ਸੀ।
ਜਹਾਜ਼ ਦੇ ਸੁਰੱਖਿਅਤ ਪਰਤਣ ਤੋਂ ਬਾਅਦ, ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਹਿਊਸਟਨ ਭੇਜਿਆ ਗਿਆ। ਇਸ ਪੂਰੀ ਕਵਾਇਦ ਕਾਰਨ ਮੁਸਾਫਰਾਂ ਨੂੰ ਕਰੀਬ ਚਾਰ ਘੰਟੇ ਦੀ ਦੇਰੀ ਹੋਈ। ਆਪਣੇ ਬਿਆਨ ਵਿੱਚ, ਏਅਰਲਾਈਨ ਨੇ ਦੇਰੀ ਅਤੇ ਅਸੁਵਿਧਾ ਲਈ ਯਾਤਰੀਆਂ ਤੋਂ ਮੁਆਫੀ ਮੰਗੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਜਹਾਜ਼ ਦੇ ਇੰਜਣ ਨੂੰ ਆਖਰੀ ਵਾਰ ਕਦੋਂ ਠੀਕ ਕੀਤਾ ਗਿਆ ਸੀ।
ਸਾਊਥ ਵੈਸਟ ਏਅਰਲਾਈਨਜ਼ ਵੱਲੋਂ ਦਿੱਤੇ ਗਏ ਬਿਆਨ ਮੁਤਾਬਿਕ ਏਅਰਲਾਈਨ ਨੇ ਕਿਹਾ ਹੈ ਕਿ ਉਸ ਦੀ ਮੇਨਟੇਨੈਂਸ ਟੀਮ ਜਹਾਜ਼ ਦੀ ਜਾਂਚ ਕਰ ਰਹੀ ਹੈ। ਇਸ ਹਫ਼ਤੇ ਇਹ ਦੂਜੀ ਵਾਰ ਹੈ ਜਦੋਂ ਏਅਰਲਾਈਨ ਦੇ ਜਹਾਜ਼ ਵਿੱਚ ਖ਼ਰਾਬੀ ਆਈ ਹੈ। ਪਿਛਲੇ ਵੀਰਵਾਰ, ਟੈਕਸਾਸ ਤੋਂ ਇਸ ਦੀ ਉਡਾਣ ਨੂੰ ਇੰਜਣ ਵਿਚ ਅੱਗ ਲੱਗਣ ਦੀ ਰਿਪੋਰਟ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਟੈਕਸਾਸ ਵਿੱਚ ਲੁਬੌਕ ਫਾਇਰ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਕਿ ਜਹਾਜ਼ ਦੇ ਦੋ ਇੰਜਣਾਂ ਵਿੱਚੋਂ ਇੱਕ ਨੂੰ ਅੱਗ ਲੱਗ ਗਈ ਸੀ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੋਵਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਦੋਵੇਂ ਜਹਾਜ਼ 737-800 ਦੇ ਹਨ, 737 ਮੈਕਸ ਨਾਲੋਂ ਪੁਰਾਣੇ ਮਾਡਲ।