ਦੱਖਣੀ ਗ੍ਰੀਸ ਦੇ ਸਮੁੰਦਰ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ ਸੀ। ਹਾਦਸੇ ਤੋਂ ਬਾਅਦ ਕੋਸਟ ਗਾਰਡ ਨੇ ਬਚਾਅ ਮੁਹਿੰਮ ਚਲਾ ਕੇ 104 ਪ੍ਰਵਾਸੀਆਂ ਨੂੰ ਬਚਾਇਆ ਸੀ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਕਾਲਾਮਾਟਾ ਲਿਜਾਇਆ ਗਿਆ। ਕਾਲਾਮਾਟਾ ਦੇ ਮੇਅਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਵਿੱਚ 16 ਤੋਂ 41 ਸਾਲ ਦੀ ਉਮਰ ਦੇ ਲੋਕ ਸ਼ਾਮਿਲ ਹਨ। ਇਸ ਕਿਸ਼ਤੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਵੀ ਸਵਾਰ ਸਨ।
ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੁੱਧਵਾਰ ਰਾਤ ਹਨੇਰਾ ਹੋਣ ਕਾਰਨ ਬਚਾਅ ਕਾਰਜ ਨੂੰ ਰੋਕਣਾ ਪਿਆ ਅਤੇ ਅੱਜ (ਵੀਰਵਾਰ) ਸਵੇਰੇ ਇੱਕ ਵਾਰ ਫਿਰ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਕਿ ਕਿਸ਼ਤੀ ‘ਚ ਕਿੰਨੇ ਲੋਕ ਸਵਾਰ ਸਨ, ਇਸ ਦੀ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਬਚੇ ਲੋਕਾਂ ਮੁਤਾਬਿਕ ਕਿਸ਼ਤੀ ‘ਚ ਕਰੀਬ 750 ਲੋਕ ਸਵਾਰ ਸਨ। ਇਸ ਦੇ ਨਾਲ ਹੀ ਗ੍ਰੀਸ ਦੇ ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਰਿਪੋਰਟ ਮੁਤਾਬਿਕ ਇਹ ਕਿਸ਼ਤੀ ਲੀਬੀਆ ਦੇ ਤੋਬਰੁਕ ਤੋਂ ਸ਼ੁਰੂ ਹੋਈ ਸੀ। ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਕਿਸ਼ਤੀ ਦੇ ਡੁੱਬਣ ਦੀ ਘਟਨਾ ਬਹੁਤ ਡਰਾਉਣੀ ਹੈ।