ਮੰਗਲਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ‘ਚ ਧਮਾਕਾ ਹੋਇਆ ਹੈ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖਮੀ ਹੋ ਗਏ। ਪੁਲਿਸ ਮੁਤਾਬਿਕ ਇਹ ਧਮਾਕਾ ਬਲੋਚਿਸਤਾਨ ਦੇ ਸਿਬੀ ਜ਼ਿਲ੍ਹੇ ਵਿੱਚ ਹੋਇਆ। ਪਾਕਿਸਤਾਨੀ ਮੀਡੀਆ ਮੁਤਾਬਿਕ ਸਿਬੀ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਪੁਸ਼ਟੀ ਕੀਤੀ ਹੈ ਕਿ ਹਸਪਤਾਲ ਵਿੱਚ ਤਿੰਨ ਲਾਸ਼ਾਂ ਲਿਆਂਦੀਆਂ ਗਈਆਂ ਹਨ। ਇਹ ਧਮਾਕਾ ਸਿਬੀ ਜ਼ਿਲ੍ਹੇ ਦੇ ਚਿੜੀਆ ਰੋਡ ਨੇੜੇ ਹੋਇਆ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇੱਕ ਅਧਿਕਾਰੀ ਮੁਤਾਬਿਕ ਧਮਾਕਾ ਇੱਕ ਖੁੱਲ੍ਹੇ ਇਲਾਕੇ ‘ਚ ਹੋਇਆ ਹੈ ਜਿੱਥੇ ਸਾਲਾਨਾ ਸਿਬੀ ਮੇਲਾ ਲੱਗ ਰਿਹਾ ਹੈ। ਅਧਿਕਾਰੀਆਂ ਮੁਤਾਬਿਕ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਇੱਥੇ ਸਮਾਰੋਹ ‘ਚ ਸ਼ਾਮਿਲ ਹੋਣ ਲਈ ਆਏ ਸਨ ਅਤੇ ਉਨ੍ਹਾਂ ਦੇ ਜਾਣ ਤੋਂ 30 ਮਿੰਟ ਬਾਅਦ ਹੀ ਧਮਾਕਾ ਹੋ ਗਿਆ। ਇਸ ਧਮਾਕੇ ‘ਚ ਸੁਰੱਖਿਆ ਬਲਾਂ ਦੇ ਚਾਰ ਜਵਾਨ ਸ਼ਹੀਦ ਹੋ ਗਏ ਹਨ।