ਪਾਕਿਸਤਾਨ ਦੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਵੀਰਵਾਰ ਨੂੰ ਹੋਏ ਬੰਬ ਧਮਾਕੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਲਾਹੌਰ ਪੁਲਿਸ ਦੇ ਬੁਲਾਰੇ ਰਾਣਾ ਆਰਿਫ਼ ਨੇ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਤੁਰੰਤ ਬਾਅਦ ਲਾਹੌਰ ਦੇ ਡਿਪਟੀ ਕਮਿਸ਼ਨਰ ਉਮਰ ਸ਼ੇਰ ਚੱਠਾ ਨੇ ਇਲਾਕੇ ਵਿੱਚ ਬੰਬ ਨਿਰੋਧਕ ਦਸਤੇ ਨੂੰ ਤਾਇਨਾਤ ਕਰਨ ਅਤੇ ਇਲਾਕੇ ਦੀ ਪੂਰੀ ਤਰ੍ਹਾਂ ਤਲਾਸ਼ੀ ਲੈਣ ਦੇ ਨਿਰਦੇਸ਼ ਦਿੱਤੇ ਹਨ।
ਦਰਅਸਲ ਲਾਹੌਰ ਦੇ ਨਿਊ ਅਨਾਰਕਲੀ ਬਾਜ਼ਾਰ ਵਿੱਚ ਧਮਾਕਾ ਹੋਇਆ ਹੈ। ਲਾਹੌਰ ਦੇ ਨਿਊ ਅਨਾਰਕਲੀ ਬਾਜ਼ਾਰ ‘ਚ ਪਾਨ ਮੰਡੀ ਇਲਾਕੇ ‘ਚ ਹੋਏ ਟਾਈਮ ਡਿਵਾਈਸ ਧਮਾਕੇ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ। ਵੇਰਵਿਆਂ ਅਨੁਸਾਰ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ ਬਚਾਅ ਟੀਮਾਂ ਨੇ ਜ਼ਖਮੀਆਂ ਨੂੰ ਮੇਓ ਹਸਪਤਾਲ ਪਹੁੰਚਾਇਆ। ਧਮਾਕੇ ਕਾਰਨ ਆਸ-ਪਾਸ ਦੀਆਂ ਦੁਕਾਨਾਂ ਅਤੇ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਮੋਟਰਸਾਈਕਲ ਵੀ ਨੁਕਸਾਨੇ ਗਏ ਹਨ। ਪੁਲਿਸ ਨੇ ਦੱਸਿਆ ਕਿ ਧਮਾਕੇ ਵਿੱਚ ਕਰੀਬ 1.5 ਕਿਲੋਗ੍ਰਾਮ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਅੱਗੇ ਪਤਾ ਲੱਗਾ ਹੈ ਕਿ ਵਿਸਫੋਟਕਾਂ ਨੂੰ ਮੋਟਰਸਾਈਕਲਾਂ ਦੇ ਵਿਚਕਾਰ ਜ਼ਮੀਨ ‘ਤੇ ਰੱਖਿਆ ਗਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਅਪਰੇਸ਼ਨਜ਼ ਨੇ ਕਿਹਾ ਕਿ ਪੁਲੀਸ ਟੀਮਾਂ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਜਲਦੀ ਹੀ ਧਮਾਕੇ ਦੇ ਵੇਰਵਿਆਂ ਦੀ ਪੁਸ਼ਟੀ ਕਰ ਦਿੱਤੀ ਜਾਵੇਗੀ। ਮੇਓ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਦੀ ਹਾਲਤ ਗੰਭੀਰ ਹੈ, ਡਾਕਟਰ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਧਮਾਕੇ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਇੰਸਪੈਕਟਰ ਜਨਰਲ (ਆਈਜੀ) ਤੋਂ ਰਿਪੋਰਟ ਮੰਗੀ ਹੈ।