ਐਤਵਾਰ ਨੂੰ ਨਿਊਜ਼ੀਲੈਂਡ ਨੇ ਸੁਪਰ-12 ਦੇ 40ਵੇਂ ਮੁਕਾਬਲੇ ਵਿੱਚ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਦੀ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ। ਜੇਕਰ ਕੀਵੀ ਟੀਮ ਇਸ ਮੈਚ ‘ਚ ਹਾਰ ਜਾਂਦੀ ਤਾਂ ਭਾਰਤ ਟਾਪ-4 ‘ਚ ਅੱਗੇ ਵੱਧ ਸਕਦਾ ਸੀ ਪਰ ਅਜਿਹਾ ਵੇਖਣ ਨੂੰ ਨਹੀਂ ਮਿਲਿਆ। ਨਿਊਜ਼ੀਲੈਂਡ ਨੇ ਨਾ ਸਿਰਫ਼ ਮੈਚ ਜਿੱਤਿਆ ਸਗੋਂ ਸੈਮੀਫਾਈਨਲ ਦੀ ਟਿਕਟ ਵੀ ਜਿੱਤ ਲਈ ਹੈ।
ਟਾਸ ਜਿੱਤ ਕੇ ਪਹਿਲਾਂ ਖੇਡਦੇ ਹੋਏ ਅਫਗਾਨਿਸਤਾਨ 20 ਓਵਰਾਂ ਦੇ ਖੇਡ ਵਿੱਚ 124/8 ਦਾ ਸਕੋਰ ਹੀ ਬਣਾ ਸਕੀ। ਨਜੀਬੁੱਲਾ ਜ਼ਾਦਰਾਨ ਨੇ ਸਭ ਤੋਂ ਵੱਧ 73 ਦੌੜਾਂ ਬਣਾਈਆਂ, ਜਦਕਿ ਟ੍ਰੇਂਟ ਬੋਲਟ ਨੇ 3 ਵਿਕਟਾਂ ਹਾਸਿਲ ਕੀਤੀਆਂ। 125 ਦੌੜਾਂ ਦੇ ਟੀਚੇ ਨੂੰ ਕੀਵੀ ਟੀਮ ਨੇ 18.1 ਓਵਰਾਂ ਦੀ ਖੇਡ ਵਿੱਚ ਸਿਰਫ਼ 2 ਵਿਕਟਾਂ ਦੇ ਨੁਕਸਾਨ ’ਤੇ ਆਸਾਨੀ ਨਾਲ ਹਾਸਿਲ ਕਰ ਲਿਆ।