ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀ ਚੋਣ ਭਾਰਤੀ ਜਨਤਾ ਪਾਰਟੀ ਨੇ ਜਿੱਤ ਲਈ ਹੈ। ਭਾਜਪਾ ਦੀ ਸਰਬਜੀਤ ਕੌਰ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਮੇਅਰ ਚੁਣੀ ਗਈ ਹੈ। ਪ੍ਰੀਜ਼ਾਈਡਿੰਗ ਅਫ਼ਸਰ ਨੇ ਭਾਜਪਾ ਨੂੰ 14 ਅਤੇ ‘ਆਪ’ ਨੂੰ 13 ਵੋਟਾਂ ਦਾ ਐਲਾਨ ਕੀਤਾ। ਜਦਕਿ ਇੱਕ ਵੋਟ ਅਯੋਗ ਕਰਾਰ ਦਿੱਤੀ ਗਈ। ਮੇਅਰ ਦੀ ਚੋਣ ਲਈ ਕੁੱਲ 28 ਵੋਟਾਂ ਪਈਆਂ ਸਨ। ਚੰਡੀਗੜ੍ਹ ਵਿੱਚ ਵੱਡੀ ਪਾਰਟੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਮੇਅਰ ਦੀ ਚੋਣ ਨਹੀਂ ਜਿੱਤ ਸਕੀ।
36 ਮੈਂਬਰੀ ਵਿਧਾਨ ਸਭਾ ਵਿੱਚ ਮੇਅਰ ਦੀ ਚੋਣ ਵਿੱਚ 28 ਵੋਟਾਂ ਪਈਆਂ ਸਨ। ਜਦਕਿ ਇਸ ਦੌਰਾਨ ਕਾਂਗਰਸ ਦੇ 7 ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ 1 ਕੌਂਸਲਰ ਸਦਨ ਤੋਂ ਗੈਰਹਾਜ਼ਰ ਰਿਹਾ। ਮੇਅਰ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ‘ਆਪ’ ਨੇ ਵਿਧਾਨ ਸਭਾ ਭਵਨ ਦੇ ਅੰਦਰ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰੀਜ਼ਾਈਡਿੰਗ ਅਫਸਰ ‘ਤੇ ਪੱਖਪਾਤੀ ਹੋਣ ਦਾ ਦੋਸ਼ ਲਗਾਇਆ। ਦੱਸ ਦੇਈਏ ਕਿ ਪ੍ਰੀਜ਼ਾਈਡਿੰਗ ਅਫਸਰ ਭਾਜਪਾ ਦਾ ਕੌਂਸਲਰ ਹੈ। ਵਿਰੋਧ ਕਰਨ ਲਈ ‘ਆਪ’ ਦੇ ਕੌਂਸਲਰ ਮੇਅਰ ਦੀ ਸੀਟ ’ਤੇ ਪਹੁੰਚ ਗਏ। ਇਸ ਦੌਰਾਨ ਚੰਡੀਗੜ੍ਹ ਦੇ ਡੀਸੀ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।