ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਨਗਰ ਨਿਗਮ (MC) ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜਸਬੀਰ ਲਾਡੀ ਨੂੰ ਹਰਾਇਆ ਹੈ। ਚੋਣਾਂ ਵਿੱਚ ਭਾਜਪਾ ਨੂੰ 15 ਵੋਟਾਂ ਮਿਲੀਆਂ ਹਨ। ਜਿਸ ਵਿੱਚ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ। ਆਪ ਦੇ ਉਮੀਦਵਾਰ ਨੂੰ 14 ਵੋਟਾਂ ਮਿਲੀਆਂ ਹਨ। ਕੋਈ ਕਰਾਸ ਵੋਟਿੰਗ ਨਹੀਂ ਹੋਈ। ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਵੋਟਿੰਗ ਤੋਂ ਗੈਰਹਾਜ਼ਰ ਰਹੇ ਹਨ। ਅਨੂਪ ਗੁਪਤਾ ਇੱਕ ਵੋਟ ਦੇ ਫਰਕ ਨਾਲ ਮੇਅਰ ਬਣੇ ਹਨ।
ਇਸ ਦੇ ਨਾਲ ਹੀ ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਵੀ ਜਿੱਤ ਲਿਆ ਹੈ। ਭਾਜਪਾ ਦੇ ਕੰਵਰ ਰਾਣਾ ਨੇ ‘ਆਪ’ ਦੀ ਤਰੁਣਾ ਮਹਿਤਾ ਨੂੰ 1 ਵੋਟ ਨਾਲ ਹਰਾਇਆ ਹੈ। ਕੰਵਰ ਰਾਣਾ ਨੂੰ 15 ਅਤੇ ਤਰੁਣਾ ਮਹਿਤਾ ਨੂੰ 14 ਵੋਟਾਂ ਮਿਲੀਆਂ ਹਨ। ਇੱਥੇ ਵੀ ਕੋਈ ਕਰਾਸ ਵੋਟ ਨਹੀਂ ਸੀ। ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਹਰਜੀਤ ਸਿੰਘ ਨੇ ‘ਆਪ’ ਦੀ ਸੁਮਨ ਸ਼ਰਮਾ ਨੂੰ ਹਰਾਇਆ ਹੈ।