ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨਾਲ ਗੱਠਜੋੜ ਦਾ ਅਧਿਕਾਰਤ ਐਲਾਨ ਕੀਤਾ ਹੈ।ਸਮਝੌਤੇ ਤਹਿਤ ਇਸ ਵਾਰ ਭਾਜਪਾ ਪੰਜਾਬ ਵਿੱਚ 65 ਸੀਟਾਂ ‘ਤੇ ਚੋਣ ਲੜੇਗੀ। ਇਸ ਗੱਠਜੋੜ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ 37 ਸੀਟਾਂ ‘ਤੇ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ ‘ਤੇ ਚੋਣ ਲੜੇਗੀ। ਗੱਠਜੋੜ ਦੇ ਰਸਮੀ ਐਲਾਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਐਸਐਸ ਢੀਂਡਸਾ ਨੇ ਅਮਿਤ ਸ਼ਾਹ ਅਤੇ ਜੇਪੀ ਨੱਡਾ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਸਨ।
ਗੱਠਜੋੜ ਦਾ ਐਲਾਨ ਕਰਦਿਆਂ ਭਾਜਪਾ ਪ੍ਰਧਾਨ ਜੇ.ਪੀ.ਨੱਡਾ ਨੇ ਕਿਹਾ ਕਿ ਪੰਜਾਬ ਸਰਹੱਦ ‘ਤੇ ਸਥਿਤ ਸੂਬਾ ਹੈ, ਦੇਸ਼ ਦੀ ਸੁਰੱਖਿਆ ਲਈ ਪੰਜਾਬ ‘ਚ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਉਣੀ ਜ਼ਰੂਰੀ ਹੈ। ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਸਾਡੇ ਦੇਸ਼ ਲਈ ਕਿਵੇਂ ਰਹੀਆਂ ਹਨ। ਅਸੀਂ ਉੱਥੇ ਦੇਖਿਆ ਹੈ ਕਿ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਜੇਪੀ ਨੱਡਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਕੁਬਾਨੀਆਂ ਦਿੱਤੀਆਂ ਹਨ, ਪੰਜਾਬ ਨੇ ਦੇਸ਼ ਨੂੰ ਜੋ ਖੁਰਾਕ ਸੁਰੱਖਿਆ ਦਿੱਤੀ ਹੈ, ਉਸ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ। ਪੰਜਾਬ ਹਮੇਸ਼ਾ ਸਾਡੀਆਂ ਉਮੀਦਾਂ ‘ਤੇ ਖਰਾ ਉਤਰਿਆ ਹੈ।
ਉਨ੍ਹਾਂ ਕਿਹਾ ਕਿ ਮਾਫੀਆ ਰਾਜ ਨੇ ਪੰਜਾਬ ਨੂੰ ਖੋਖਲਾ ਕਰਨ ਦਾ ਕੰਮ ਕੀਤਾ ਹੈ। ਅੱਜ ਸਾਰੇ ਪੰਜਾਬ ਨੂੰ ਲੈਂਡ ਮਾਫੀਆ, ਰੇਤ ਮਾਫੀਆ, ਡਰੱਗ ਮਾਫੀਆ ਖੋਖਲਾ ਕਰ ਰਹੇ ਹਨ। ਇਸ ਲਈ ਐਨਡੀਏ ਗੱਠਜੋੜ ਇਸ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਹੈ ਕਿ ਅਸੀਂ ਇਸ ਮਾਫੀਆ ਰਾਜ ਨੂੰ ਖਤਮ ਕਰਾਂਗੇ। ਨੱਡਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜਿੱਥੇ ਪੰਜਾਬ ਪਹਿਲਾਂ ਵਿਕਾਸ ਵੱਲ ਵੱਧ ਰਿਹਾ ਸੀ, ਅੱਜ ਉਹ ਹੇਠਾਂ ਖਿਸਕ ਰਿਹਾ ਹੈ। ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਸਥਿਰਤਾ ਅਤੇ ਸੁਰੱਖਿਆ ਲਈ ਕੇਂਦਰ-ਰਾਜ ਸਬੰਧ ਬਹੁਤ ਮਹੱਤਵਪੂਰਨ ਹਨ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ।