ਆਸਟ੍ਰੇਲੀਆ ‘ਚ ਬਰਡ ਫਲੂ ਦੇ ਪਹਿਲੇ ਮਨੁੱਖੀ ਕੇਸ ਦੇ ਸਾਹਮਣੇ ਆਉਣ ਮਗਰੋਂ ਨਿਊਜ਼ੀਲੈਂਡ ਦੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸੇ ਦੇ ਕਾਰਨ ਨਿਊਜ਼ੀਲੈਂਡ ਦੇ ਐਪੀਡੇਮੀਓਲੋਜਿਸਟ ਨੇ ਦੇਸ਼ ਵਾਸੀਆਂ ਨੂੰ ਸੁਚੇਤ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਿਕ ਬਰਡ ਫਲੂ ਦੀ ਪੁਸ਼ਟੀ ਵਿਕਟੋਰੀਆ ਦੇ ਇੱਕ ਫਾਰਮ ‘ਤੇ ਹੋਈ ਹੈ, ਜਿੱਥੇ ਹਜਾਰਾਂ ਮੁਰਗੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਹੈ। ਐਪੀਡੇਮੀਓਲੋਜਿਸਟ ਨਾਇਜ਼ਲ ਫ੍ਰੈਂਚ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਲਈ ਨਿਊਜ਼ੀਲੈਂਡ ਵਾਸੀਆਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਇਸ ਵਿਚਕਾਰ ਅਮਰੀਕਾ ਵਿੱਚ ਵੀ ਬਰਡ ਫਲੂ ਨਾਲ ਸੰਕਰਮਿਤ 2 ਮਨੁੱਖੀ ਕੇਸ ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਮੇਂ ਸਿਰ ਇਲਾਜ ਨਾ ਹੋਣ ‘ਤੇ ਇਹ ਬਿਮਾਰੀ ਮਨੁੱਖਾਂ ਲਈ ਘਾਤਕ ਸਾਬਿਤ ਹੋ ਸਕਦੀ ਹੈ।
