ਕੁਝ ਸਮਾਂ ਪਹਿਲਾਂ ਗਾਇਕ ਮੀਕਾ ਸਿੰਘ ਦਾ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ। ਜਿਸ ‘ਚ ਉਨ੍ਹਾਂ ਨੇ ਦੋਵਾਂ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਸਨ। ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਵਲੋਂ ਬਣਾਈ ਗਈ ਇਕ ਫਿਲਮ ‘ਚ ਦੋਹਾਂ ਕਲਾਕਾਰਾਂ ਦੇ ਨਖਰਿਆਂ ਕਾਰਨ ਫਿਲਮ ਦਾ ਬਜਟ ਕਾਫੀ ਵੱਧ ਗਿਆ ਸੀ। ਹੁਣ ਇੰਨੇ ਸਮੇਂ ਬਾਅਦ ਅਦਾਕਾਰਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ, ਜਿਸ ‘ਚ ਉਸ ਨੇ toxic ( ਜ਼ਹਿਰੀਲੇ ) ਲੋਕਾਂ ਦਾ ਜ਼ਿਕਰ ਕੀਤਾ ਹੈ।
ਅਸਲ ‘ਚ ਫਿਲਮ ਅਲੋਨ ਬਾਰੇ ਗੱਲ ਕਰਦੇ ਹੋਏ ਮੀਕਾ ਸਿੰਘ ਨੇ ਕਿਹਾ ਸੀ ਕਿ ਇਹ ਫਿਲਮ ਬਹੁਤ ਘੱਟ ਬਜਟ ‘ਚ ਬਣਨ ਵਾਲੀ ਸੀ ਪਰ ਆਖਿਰਕਾਰ ਇਸ ਨੂੰ ਬਣਾਉਣ ‘ਚ 14 ਕਰੋੜ ਰੁਪਏ ਲੱਗ ਗਏ। ਸਿੰਗਰ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਫਿਲਮ ‘ਚ ਉਨ੍ਹਾਂ ਨੂੰ 10 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ, ਜੋ ਕਿ ਦੋਵਾਂ ਸਟਾਰਸ ਕਾਰਨ ਹੋਇਆ ਸੀ। ਹੁਣ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਹੈ, ਜ਼ਹਿਰੀਲੇ ਲੋਕ ਹਫੜਾ-ਦਫੜੀ ਮਚਾਉਂਦੇ ਹਨ, ਉਂਗਲ ਉਠਾਉਂਦੇ ਹਨ, ਆਪਣਾ ਦੋਸ਼ ਦੂਜਿਆਂ ‘ਤੇ ਲਗਾਉਂਦੇ ਹਨ ਅਤੇ ਜ਼ਿੰਮੇਵਾਰੀ ਲੈਣ ਤੋਂ ਬਚਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, toxicity ਅਤੇ ਨਕਾਰਾਤਮਕਤਾ ਤੋਂ ਦੂਰ ਰਹੋ। ਵਾਹਿਗੁਰੂ ਸਭ ਦਾ ਭਲਾ ਕਰੇ। ਦੁਰਗਾ ਦੁਰਗਾ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ‘ਚ ਕਿਸੇ ਦਾ ਨਾਂ ਨਹੀਂ ਲਿਆ।
ਮੀਕਾ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ, ਉਦੋਂ ਤੋਂ ਹੀ ਬਿਪਾਸ਼ਾ ਨੇ ਨਵੀਆਂ ਮੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇੰਨਾ ਹੀ ਨਹੀਂ ਉਸ ਨੇ ਕਈ ਸੀਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸਿੰਗਰ ਨੇ ਦੱਸਿਆ ਕਿ ਸ਼ੂਟਿੰਗ ਤੋਂ ਬਾਅਦ ਦੋਹਾਂ ਨੂੰ ਡਬਿੰਗ ‘ਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਸਨੇ ਅੱਗੇ ਦੱਸਿਆ ਕਿ ਕੁਝ ਦਿਨ ਬਿਪਾਸ਼ਾ ਸ਼ੂਟਿੰਗ ਦੌਰਾਨ ਬਿਮਾਰ ਹੋ ਜਾਂਦੀ ਸੀ ਅਤੇ ਕੁਝ ਦਿਨ ਅਦਾਕਾਰ ਬਿਮਾਰ ਹੋ ਜਾਂਦੇ ਸਨ। ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਸਾਲ 2015 ‘ਚ ਰਿਲੀਜ਼ ਹੋਈ ਸੀ।