ਪੰਜਾਬ ਦੇ ਦਿੱਗਜ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਸਾਢੇ 5 ਮਹੀਨਿਆਂ ਬਾਅਦ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚ ‘ਮਾਝੇ ਦਾ ਜਰਨੈਲ’ ਕਹੇ ਜਾਣ ਵਾਲੇ ਮਜੀਠੀਆ ਦਾ ਉਨ੍ਹਾਂ ਦੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਮਜੀਠੀਆ ਨੂੰ ਬੁੱਧਵਾਰ ਸਵੇਰੇ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ‘ਤੇ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਸੀ।
ਜੇਲ੍ਹ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਨੇ ਬਿਨਾਂ ਨਾਮ ਲਏ ਸਾਬਕਾ ਸੀਐਮ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ। ਚੰਨੀ ਦਾ ਨਾਂ ਲਏ ਬਿਨਾਂ ਮਜੀਠੀਆ ਨੇ ਕਿਹਾ ਕਿ ਜਿਸ ਨੇ ਗੁਨਾਹ ਕੀਤਾ ਹੈ, ਉਹ ਅੱਜਕਲ ਨਜ਼ਰ ਨਹੀਂ ਆ ਰਿਹਾ। ਅਮਰੀਕਾ ਤੋਂ ਵਾਪਿਸ ਕਿਉਂ ਨਹੀਂ ਆ ਰਹੇ? ਦੂਸਰਾ ਜੇਲ੍ਹ ਵਿੱਚ ਮੇਰੇ ਗੁਆਂਢ ਵਿੱਚ ਸੀ ਪਰ ਉਸ ਦੀ ਆਵਾਜ਼ ਕਦੇ ਨਹੀਂ ਸੁਣੀ। ਇਸ ਤੋਂ ਬਾਅਦ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਵੀ ਵਿਆਹ ਦੀ ਵਧਾਈ ਦਿੱਤੀ। ਬਿਕਰਮ ਮਜੀਠੀਆ ਨੇ ਇਹ ਵੀ ਕਿਹਾ ਕਿ ਰਾਜਨੀਤੀ ਵਿੱਚ ਅਜਿਹਾ ਨਹੀਂ ਕਰਨਾ ਚਾਹੀਦਾ ਕਿ ਨਿੱਜੀ ਦੁਸ਼ਮਣੀ ਸ਼ੁਰੂ ਹੋ ਜਾਵੇ। ਉਨ੍ਹਾਂ ਨਵਜੋਤ ਸਿੰਘ ਸਿੱਧੂ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਉਹ ਜੇਲ੍ਹ ‘ਚ ਕੰਧਾਂ ਨੂੰ ਟੱਕਰਾਂ ਮਾਰ ਰਹੇ ਹਨ।
ਬਿਕਰਮ ਮਜੀਠੀਆ ਨੇ ਕਿਹਾ ਕਿ ਮਾਲਕ ਦੀ ਬਹੁਤ ਕਿਰਪਾ ਹੈ। ਮੇਰੇ ਖਿਲਾਫ ਰਚੀ ਗਈ ਸਾਜਿਸ਼ ਦਾ ਜਵਾਬ ਅਦਾਲਤ ਅਤੇ ਲੋਕਾਂ ਨੇ ਦੇ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਬਹੁਤ ਛੋਟਾ ਅੱਤਿਆਚਾਰ ਹੈ। ਗੁਰੂ ਸਾਹਿਬ ਨੇ ਸਾਨੂੰ ਅਪਰਾਧ ਨਾਲ ਲੜਨਾ ਸਿਖਾਇਆ ਹੈ। ਮਜੀਠੀਆ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸੰਵਿਧਾਨ ਤੋਂ ਉੱਪਰ ਨਹੀਂ ਹੈ। ਜਿਹੜੇ ਲੋਕ 25 ਸਾਲ ਜਾਂ ਦੋਹਰੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਵੀ ਸਰਕਾਰ 75ਵੇਂ ਆਜ਼ਾਦੀ ਦਿਹਾੜੇ ‘ਤੇ ਰਿਹਾਅ ਕਰੇ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਮੇਰੇ ਖਿਲਾਫ ਸਾਜ਼ਿਸ਼ ਰਚੀ। ਮੈਨੂੰ ਚੋਣ ਨਾ ਲੜਨ ਦੇਣ ਦੀ ਪੂਰੀ ਯੋਜਨਾ ਸੀ।