ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਮੈਦਾਨ ‘ਚ ਉਤਾਰਣ ਦਾ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੇ ਨਾਲ ਹੀ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਪੂਰਬੀ ਸੀਟ ਸਭ ਤੋਂ ਹੌਟ ਸੀਟ ਬਣ ਗਈ ਹੈ। ਇੱਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਗੇ ਦੂਜੇ ਪਾਸੇ ਮਾਝੇ ਦੇ ਵੱਡੇ ਆਗੂਆਂ ‘ਚ ਗਿਣੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ।
ਇਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਨਵਜੋਤ ਸਿੱਧੂ ਹੰਕਾਰਿਆ ਹੋਇਆ, ਇਸ ਕਰਕੇ ਬਿਕਰਮ ਮਜੀਠੀਆ ਨੂੰ ਸਿੱਧੂ ਮੁਕਾਬਲੇ ਖੜ੍ਹਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਹੰਕਾਰ ਤੋੜਨਾ ਹੀ ਤੋੜਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਦੇ ਸਿਆਸੀ ਕੈਰੀਅਰ ਦਾ ਅੰਤ ਆ ਗਿਆ ਹੈ।