ਡਰੱਗਜ਼ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਸਾਬਕਾ ਸੀਐੱਮ ਚਰਨਜੀਤ ਚੰਨੀ ਪ੍ਰਤੀ ਤਿੱਖਾ ਰਵੱਈਆ ਦਿਖਾਇਆ ਹੈ। ਚੰਡੀਗੜ੍ਹ ‘ਚ ਮਜੀਠੀਆ ਨੇ ਕਿਹਾ ਕਿ ਮੇਰੇ ਕੋਲ ਚੰਨੀ ਦੀ ਵੀਡੀਓ ਹੈ। ਜਦੋਂ ਉਹ ਵਾਪਿਸ ਆਉਣਗੇ, ਮੈਂ ਇਸਨੂੰ ਓਦੋਂ ਚਲਾਵਾਂਗ। ਬਿਕਰਮ ਮਜੀਠੀਆ ਨੇ ਸਾਬਕਾ CM ਚੰਨੀ ‘ਤੇ ਤੰਜ ਕਸਦਿਆਂ ਕਿਹਾ ਕਿ, ”ਮੈਂ ਤਾਂ ਵੀਡੀਓ ਸਾਂਭ-ਸਾਂਭ ਰੱਖੀਆਂ ਚੰਨੀ ਦੀਆਂ ਛੱਲਾ ਮੁੜਕੇ ਤਾਂ ਆਵੇ ਇੱਕ ਵਾਰ।” ਹਾਲਾਂਕਿ ਮਜੀਠੀਆ ਨੇ ਇਹ ਨਹੀਂ ਦੱਸਿਆ ਕਿ ਵੀਡੀਓ ਕਿਸ ਬਾਰੇ ਹੈ। ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਸੀ। ਚੰਨੀ ਨੇ ਇਸ ਦਾ ਸਿਹਰਾ ਚੋਣਾਂ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਵਜੋਂ ਵੀ ਆਪਣੇ ਸਿਰ ਲਿਆ ਸੀ। ਇਸ ਮਾਮਲੇ ਵਿੱਚ ਮਜੀਠੀਆ ਨੂੰ 168 ਦਿਨ ਪਟਿਆਲਾ ਜੇਲ੍ਹ ਵਿੱਚ ਕੱਟਣੇ ਪਏ ਹਨ। ਚੰਨੀ ਇਸ ਸਮੇਂ ਵਿਦੇਸ਼ ਦੌਰੇ ‘ਤੇ ਹਨ।
ਮਜੀਠੀਆ ਨੇ ਕਿਹਾ ਕਿ ਇਤਿਹਾਸ ਹੈ ਕਿ ਸਰਕਾਰਾਂ ਬਹੁਤ ਧੱਕੇਸ਼ਾਹੀ ਕਰਦੀਆਂ ਹਨ। ਇਸ ਲਈ ਸਰਕਾਰਾਂ ਬਦਲਦੀਆਂ ਹਨ। ਜਦੋਂ ਕਾਂਗਰਸ ਸਰਕਾਰ ਨੇ ਮੇਰੇ ‘ਤੇ ਜ਼ੁਲਮ ਕੀਤੇ ਤਾਂ ਉਹ ਹਾਰ ਗਏ। ਇਹ ਪਹਿਲੀ ਵਾਰ ਹੈ ਜਦੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਏ ਹਨ। ਹੁਣ ਚੰਨੀ ਬਾਰੇ ਗੀਤ ‘ਛੱਲਾ ਮੁੜਕੇ ਨਹੀਂ ਆਇਆ’ ਚੱਲ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਮੈਂ ਜਿੱਥੋਂ ਛੱਡਿਆ ਸੀ ਉਥੋਂ ਹੀ ਸ਼ੁਰੂ ਕਰਾਂਗਾ।