ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸ਼ੁੱਕਰਵਾਰ ਨੂੰ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਪੰਜਾਬ ਦੀ ਸਭ ਤੋਂ ਹੌਟ ਸੀਟ ਬਣ ਚੁੱਕੇ ਅੰਮ੍ਰਿਤਸਰ ਪੂਰਬੀ ‘ਤੇ ਨਾਮਜ਼ਦਗੀ ਭਰਦੇ ਹੋਏ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸਿੱਧੂ ਦੇ ਪੰਜਾਬ ਮਾਡਲ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਵਿੱਚ 5 ਸਾਲਾਂ ਦਰਮਿਆਨ ਕੋਈ ਕੰਮ ਨਹੀਂ ਕਰਵਾਇਆ। ਬਿਜਲੀ, ਪਾਣੀ, ਸੜਕਾਂ ਦੀ ਸਮੱਸਿਆ ਉਸੇ ਤਰ੍ਹਾਂ ਹੀ ਹੈ। ਉਹ ਆਪਣੇ ਹਲਕੇ ਵਿੱਚ ਕਦੇ ਨਹੀਂ ਜਾਂਦਾ ਤੇ ਨਾ ਹੀ ਕਦੇ ਕਿਸੇ ਦਾ ਫੋਨ ਚੁੱਕਦਾ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਕਿਸੇ ਵਿਅਕਤੀ ਦੇ ਸੁੱਖ-ਦੁੱਖ ਵਿੱਚ ਕੰਮ ਨਹੀਂ ਆਉਂਦੇ।
ਮਜੀਠੀਆ ਨੇ ਕਿਹਾ ਕਿ ਸਿੱਧੂ ਦਾ ਪੰਜਾਬ ਮਾਡਲ ਕਦੇ ਲਾਗੂ ਨਹੀ ਹੋਇਆ। ਉਨ੍ਹਾਂ ਦਾ ਮਾਡਲ ਹੈ ਧੋਖੇ ਦਾ, ਫਰੇਬ ਦਾ ਤੇ ਭਗੌੜੇ ਦਾ। ਸਿੱਧੂ ਨੇ ਕੌਈ ਕੰਮ ਨਹੀਂ ਕਰਨਾ। ਸਿਵਾਏ ਲੋਕਾਂ ਨੂੰ ਮੂਰਖ ਬਣਾਉਣ ਤੋਂ ਕੁੱਝ ਨਹੀਂ ਕਰਨਾ। ਹੁਣ ਲੋਕ ਸਿੱਧੂ ਤੋਂ ਸਵਾਲ ਪੁੱਛ ਰਹੇ ਹਨ ਕਿ ਉਹ 5 ਸਾਲ ਗੈਰ ਹਾਜ਼ਰ ਰਿਹਾ ਤੇ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ ਹੈ। ਦੱਸ ਦਈਏ ਕਿ ਪੰਜਾਬ ਦੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਸੂਬੇ ਦੀ ਸਭ ਤੋਂ ਚਰਚਿਤ ਸੀਟ ਬਣ ਚੁੱਕੀ ਹੈ ਕਿਉਂਕਿ ਸੂਬੇ ਦੇ ਦੋ ਦਿੱਗਜ ਆਗੂ ਇਸ ਸੀਟ ‘ਤੇ ਆਹਮੋ-ਸਾਹਮਣੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਚੁਣੌਤੀ ਦੇਣ ਲਈ ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਹ ਚੋਣ ਲੜਾਈ ਇਨ੍ਹਾਂ ਦੋਵਾਂ ਆਗੂਆਂ ਲਈ ਕਈ ਮਾਇਨਿਆਂ ਤੋਂ ਅਹਿਮ ਹੋਣ ਵਾਲੀ ਹੈ। ਸਿੱਧੂ ਜਾਂ ਮਜੀਠੀਆ, ਜੋ ਵੀ ਚੋਣ ਹਾਰਦਾ ਹੈ, ਉਸ ਦੀ ਇਹ ਪਹਿਲੀ ਸਿਆਸੀ ਹਾਰ ਹੋਵੇਗੀ ਕਿਓਂਕਿ ਇੱਕ ਦਾ ਹਾਰਨਾ ਤਾਂ ਤੈਅ ਹੈ।