ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗਲਵਾਰ ਨੂੰ ਮਜੀਠਾ ਸੀਟ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਇਕ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਮੈਂ ਸਵੀਕਾਰ ਕਰ ਲਿਆ ਹੈ। ਮਜੀਠੀਆ ਹੁਣ ਨਵਜੋਤ ਸਿੰਘ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਬੀ ਸੀਟ ਤੋਂ ਹੀ ਚੋਣ ਲੜਨਗੇ ਤੇ ਮਜੀਠਾ ਤੋਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਚੋਣ ਲੜਨਗੇ। ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਗੁਨੀਵ ਕੌਰ ਨੇ ਮਜੀਠਾ ਹਲਕੇ ਤੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।
ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਅਜ਼ੀਜ਼ਾਂ ਨੂੰ ਕਦੇ ਵੀ ਤਿਆਗਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਅਜਿਹਾ ਸਿਰਫ ਲੋਕਾਂ ਦੇ ਸਨਮਾਨ ਲਈ ਕਰ ਰਿਹਾ ਹਾਂ। ਮੇਰੀ ਪਤਨੀ ਹੁਣ ਮੇਰੇ ਹਲਕੇ ਦੀ ਸੇਵਾ ਕਰੇਗੀ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਹੁਣ ਲੜਾਈ ਸੱਚਾਈ ਦੀ ਹੈ ਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਦੀ ਭਲਾਈ ਦੀ ਹੈ। ਨਵਜੋਤ ਸਿੰਘ ਸਿੱਧੂ ਤੇ ਉੁਨ੍ਹਾਂ ਪਤਨੀ ਨਵਜੋਤ ਕੌਰ ਸਿੱਧੂ ਨੇ ਸਿਆਸਤ ਦੇ 18 ਸਾਲਾਂ ਵਿਚ ਹਲਕੇ ਦਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਸਿਰਫ ਲੋਕਾਂ ਨੂੰ ਧੋਖਾ ਹੀ ਦਿੱਤਾ। ਮਜੀਠੀਆ ਨੇ ਕਿਹਾ ਕਿ ਫੈਸਲਾ ਹੁਣ ਜਨਤਾ ਹੀ ਕਰੇਗੀ ਤੇ ਉਸ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ।