ਬੀਕਾਨੇਰ ਐਕਸਪ੍ਰੈਸ (15633) ਪੱਛਮੀ ਬੰਗਾਲ ਦੇ ਜਲਪਾਈਗੁੜੀ ਖੇਤਰ ਦੇ ਮੇਨਗੁੜੀ ਵਿਖੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ‘ਚ ਕਈ ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਟਰੇਨ ਦੇ 12 ਡੱਬੇ ਪਟੜੀ ਤੋਂ ਉਤਰ ਗਏ ਹਨ। ਇਹ ਟਰੇਨ ਬੀਕਾਨੇਰ ਤੋਂ ਗੁਹਾਟੀ ਜਾ ਰਹੀ ਸੀ। ਇਸ ਦੌਰਾਨ ਮੇਨਗੁੜੀ ਪਾਰ ਕਰਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਪ੍ਰਸ਼ਾਸਨ ਸਮੇਤ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਟਰੇਨ ਦੀਆਂ ਬੋਗੀਆਂ ਤੋਂ ਬਾਹਰ ਕੱਢ ਕੇ ਸਥਾਨਕ ਹਸਪਤਾਲ ਭੇਜਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਵੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਘਟਨਾ ਵੀਰਵਾਰ ਸ਼ਾਮ ਕਰੀਬ 5:15 ਵਜੇ ਵਾਪਰੀ ਹੈ। ਟਰੇਨ ਦੀਆਂ 12 ਡੱਬੇ ਪਟੜੀ ਤੋਂ ਉੱਤਰ ਗਏ ਹਨ ਅਤੇ ਯਾਤਰੀਆਂ ਨਾਲ ਭਰੇ 4 ਡੱਬੇ ਪੂਰੀ ਤਰ੍ਹਾਂ ਪਲਟ ਗਏ ਹਨ। ਇਨ੍ਹਾਂ ‘ਚੋਂ ਹਿੱਕ ਡੱਬਾ ਵੀ ਪਾਣੀ ‘ਚ ਉਤਰ ਗਿਆ ਹੈ, ਜਿਸ ‘ਚੋਂ ਫਸੇ ਯਾਤਰੀਆਂ ਨੂੰ ਬਚਾਇਆ ਜਾ ਰਿਹਾ ਹੈ। ਜ਼ਖਮੀ ਮੁਸਾਫਰਾਂ ਨੂੰ ਬਚਾਉਣ ਲਈ 30 ਐਂਬੂਲੈਂਸਾਂ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਹੈ ਅਤੇ ਸਿਲੀਗੁੜੀ ਤੋਂ ਰਾਹਤ ਟਰੇਨ ਭੇਜੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।