2014 ਤੋਂ ਲੰਗਰ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਸਿੱਖ ਵਲੰਟੀਅਰਸ ਆਸਟ੍ਰੇਲੀਆ ਵੱਲੋਂ ਹੁਣ ਆਸਟ੍ਰੇਲੀਆ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੱਕ ਕੁਦਰਤੀ ਆਫਤਾਂ ਨਾਲ ਜੂਝ ਰਹੇ ਵਿਆਪਕ ਭਾਈਚਾਰੇ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਇਸ ਵਿਚਕਾਰ 29 ਸਤੰਬਰ 2024 ਨੂੰ ਇਸ ਸੰਸਥਾ ਵੱਲੋਂ ਇੰਨ੍ਹਾ ਦੇ ਲੈਂਗਵਾਰਿਨ ਕੇਂਦਰ ਵਿਖੇ ਇੱਕ ਅਤਿ-ਆਧੁਨਿਕ ਰਸੋਈ ਦੀ ਸਥਾਪਨਾ ਕੀਤੀ ਗਈ ਹੈ। ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਮੈਲਬੌਰਨ ਦੇ ਸਾਊਥ ਈਸਟ ਵਿੱਚ ਪੈਂਦੇ ਲੈਂਗਵਾਰਿਨ ਇਲਾਕੇ ‘ਚ ਇੱਕ ਹਾਈ-ਟੈਕ ਰਸੋਈ ਦੀ ਸਥਾਪਨਾ ਕੀਤੀ ਹੈ। ਇਹ ਰਸੋਈ ਬਹੁਤ ਹੀ ਘੱਟ ਸੇਵਾਦਾਰਾਂ ਦੀ ਮੱਦਦ ਦੇ ਨਾਲ ਕੁੱਝ ਹੀ ਘੰਟਿਆਂ ਦੇ ਅੰਦਰ ਤਕਰੀਬਨ 8,000 ਲੋਕਾਂ ਲਈ ਲੰਗਰ ਤਿਆਰ ਕਰ ਸਕਦੀ ਹੈ। ਸਿੱਖ ਵੋਲੰਟੀਅਰਜ਼ ਆਸਟ੍ਰੇਲੀਆ ਮੁਤਾਬਕ ਇਸ ਨਵੇਂ ਕੇਂਦਰ ਵੱਜੋਂ ਉਨ੍ਹਾਂ ਨੂੰ ਕਿਸੀ ਵੀ ਕੁਦਰਤੀ ਆਫ਼ਤ ਲਈ ਰਾਹਤ ਪ੍ਰਦਾਨ ਕਰਨ ਲਈ ਬੁਨਿਆਦੀ ਅਧਾਰ ਮਿਲ ਗਿਆ ਹੈ। ਦੱਸਿਆ ਗਿਆ ਹੈ ਕਿ ਵਿਕਟੋਰੀਆ ਸਰਕਾਰ ਵੱਲੋਂ ਵੀ ਇਸ ਸਟੇਟ ਆਫ ਦਾ ਆਰਟ ਕਿਚਨ ਦੀ ਤਿਆਰੀ ਲਈ ਵਿੱਤੀ ਮੱਦਦ ਪ੍ਰਦਾਨ ਕੀਤੀ ਗਈ ਹੈ।
ਇਸ ਦੇ ਨਾਲ ਨਾਲ ਸੰਸਥਾ ਦੇ ਵਲੰਟੀਅਰਾਂ ਦੁਆਰਾ ਚਾਰ ਵੈਨਾਂ ਰਾਹੀਂ ਲੋੜਵੰਦਾ ਨੂੰ ਲੰਗਰ ਪਹੁੰਚਾਇਆ ਜਾਂਦਾ ਹੈ, ਇਸ ਤੋਂ ਇਲਾਵਾ ਸੰਸਥਾ ਵਲੋਂ ਇੱਕ “ਮੋਬਾਈਲ ਫੂਡ ਰਸੋਈ”ਨੂੰ ਇੱਕ ਵੱਡੇ ਟਰੱਕ ਦੇ ਵਿੱਚ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ ਜਿਸ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਘੱਟ ਸਮੇਂ ਵਿੱਚ ਵਲੰਟੀਅਰਜ਼ ਦੇ ਵਲੋਂ ਤੁਰੰਤ ਲੰਗਰ ਬਣਾ ਕੇ ਪਹੁੰਚਾਉਣ ਦਾ ਇੰਤਜ਼ਾਮ ਹੋਵੇਗਾ।ਜਿਸ ਨਾਲ ਸਿੱਖ ਵਲੰਟੀਅਰਜ਼ ਦੀ ਸੇਵਾ ਹੋਰ ਜਿਆਦਾ ਲੋੜਵੰਦਾਂ ਤੱਕ ਪਹੁੰਚ ਸਕੇਗੀ। ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਜਲਦ ਹੀ ਲੈਂਗਵਾਰਨ ਵਿੱਖੇ ਕੁਦਰਤੀ ਆਫਤਾਂ ਮੌਕੇ ਲੋਕਾਂ ਦੇ ਰਿਹਾਇਸ਼ੀ ਸੁਵਿਧਾ ਦੀ ਵੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਵਿੱਚ ਰਾਹਤ ਕਾਰਜਾਂ ਮੌਕੇ 120 ਦੇ ਕਰੀਬ ਲੋਕਾਂ ਨੂੰ ਠਹਿਰਾਉਣ ਦੀ ਵਿਵਸਥਾ ਹੋਵੇਗੀ।