ਪੰਜਾਬ ਸਣੇ ਪੂਰੇ ਭਾਰਤ ‘ਚ ਅੱਜ 1 ਮਾਰਚ 2022 ਤੋਂ ਕਈ ਮਹੱਤਵਪੂਰਨ ਬਦਲਾਅ ਹੋਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਜੀਵਨ ਦੇ ਨਾਲ ਨਾਲ ਤੁਹਾਡੀ ਜੇਬ ‘ਤੇ ਵੀ ਪਵੇਗਾ। ਪਹਿਲੀ ਮਾਰਚ ਤੋਂ ਜਿੱਥੇ ਦੁੱਧ ਖਰੀਦਣਾ ਮਹਿੰਗਾ ਹੋ ਗਿਆ ਹੈ, ਉੱਥੇ ਹੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੀ ਵਾਧਾ ਕਰ ਦਿੱਤਾ ਹੈ। ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦਾ ਅਸਰ ਪੰਜਾਬ ‘ਤੇ ਵੀ ਪਿਆ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿਹੜੀਆਂ ਤਬਦੀਲੀਆਂ ਨੇ ਜਿਨ੍ਹਾਂ ਦਾ ਸਿੱਧਾ ਤੁਹਾਡੇ ‘ਤੇ ਪਏਗਾ ਅਸਰ
ਸਭ ਤੋਂ ਪਹਿਲਾ ਰੋਜ਼ਾਨਾ ਅਤੇ ਹਰ ਘਰ ‘ਚ ਵਰਤੇ ਜਾਣ ਵਾਲੇ ਦੁੱਧ ਦੀ ਗੱਲ ਕਰਦੇ ਹਾਂ –
1 ਮਾਰਚ ਤੋਂ ਅਮੂਲ ਨੇ ਦੇਸ਼ ਭਰ ‘ਚ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਕੀਮਤਾਂ ‘ਚ ਇਸ ਵਾਧੇ ਤੋਂ ਬਾਅਦ ਹੁਣ 1 ਮਾਰਚ ਤੋਂ ਗਾਹਕਾਂ ਨੂੰ ਅੱਧਾ ਲੀਟਰ ਅਮੂਲ ਗੋਲਡ ਲਈ 30 ਰੁਪਏ, ਅਮੂਲ ਤਾਜ਼ਾ ਲਈ 24 ਰੁਪਏ ਅਤੇ ਅਮੂਲ ਸ਼ਕਤੀ ਲਈ 27 ਰੁਪਏ ਦੇਣੇ ਹੋਣਗੇ। ਅਮੂਲ ਨੇ ਇਕ ਬਿਆਨ ‘ਚ ਕਿਹਾ ਕਿ 2 ਰੁਪਏ ਪ੍ਰਤੀ ਲੀਟਰ ਦਾ ਇਹ ਵਾਧਾ ਸਿਰਫ 4 ਫੀਸਦੀ ਹੈ, ਜੋ ਕਿ ਔਸਤ ਖੁਰਾਕੀ ਮਹਿੰਗਾਈ ਤੋਂ ਕਾਫੀ ਘੱਟ ਹੈ। ਅਹਿਮਦਾਬਾਦ ਅਤੇ ਸੌਰਾਸ਼ਟਰ ਬਾਜ਼ਾਰ ‘ਚ ਅਮੂਲ ਗੋਲਡ ਦੀ ਕੀਮਤ 60 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ ਦੀ ਕੀਮਤ 48 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਸ਼ਕਤੀ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਉੱਥੇ ਹੀ ਵੇਰਕਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰਤੀ ਲੀਟਰ ਕੀਮਤ ‘ਚ 2 ਤੋਂ 2.06 ਰੁਪਏ ਵਾਧਾ ਕੀਤਾ ਗਿਆ ਹੈ, ਜਦਕਿ 1.5 ਲੀਟਰ ਦੁੱਧ ਦੇ ਪੈਕ ਦੀਆਂ ਕੀਮਤਾਂ 2.75 ਤੋਂ ਲੈ ਕੇ 2.84 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੇਰਕਾ ਅਤੇ ਅਮੁਲ ਤੋਂ ਇਲਾਵਾ ਪਰਾਗ ਦਾ ਦੁੱਧ ਵੀ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ
ਇਸ ਤੋਂ ਇਲਾਵਾ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਵਾਧਾ ਕੀਤਾ ਗਿਆ ਹੈ। 19 ਕਿਲੋ ਦਾ LPG ਸਿਲੰਡਰ 1 ਮਾਰਚ ਯਾਨੀ ਅੱਜ ਤੋਂ ਦਿੱਲੀ ‘ਚ 1907 ਰੁਪਏ ਦੀ ਬਜਾਏ 2012 ਰੁਪਏ ‘ਚ ਮਿਲੇਗਾ। ਕੋਲਕਾਤਾ ‘ਚ ਹੁਣ ਇਹ 1987 ਰੁਪਏ ਦੀ ਬਜਾਏ 2095 ਰੁਪਏ ‘ਚ ਮਿਲੇਗਾ ਜਦਕਿ ਮੁੰਬਈ ‘ਚ ਇਸ ਦੀ ਕੀਮਤ ਹੁਣ 1857 ਰੁਪਏ ਤੋਂ ਵਧ ਕੇ 1963 ਰੁਪਏ ਹੋ ਗਈ ਹੈ।
ਹੁਣ ਗੱਲ ਕਰਦੇ ਹਾਂ ਇੰਡੀਆ ਪੋਸਟ ਦੀ
IPPB ਯਾਨੀ ਇੰਡੀਆ ਪੋਸਟ ਪੇਮੈਂਟ ਬੈਂਕ ਨੇ ਆਪਣੇ ਡਿਜੀਟਲ ਸਵਿੰਗਸ ਅਕਾਊਂਟ ਲਈ ਕਲੋਜ਼ਰ ਚਾਰਜ ਲੈਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਹਾਡਾ ਇੰਡੀਆ ਪੋਸਟ ਪੇਮੈਂਟ ਬੈਂਕ ਵਿੱਚ ਸਵਿੰਗਸ ਅਕਾਊਂਟਸ ਹੈ, ਤਾਂ ਤੁਹਾਨੂੰ 150 ਰੁਪਏ ਅਦਾ ਕਰਨੇ ਪੈਣਗੇ ਅਤੇ ਵੱਖਰੇ ਤੌਰ ‘ਤੇ ਜੀਐਸਟੀ ਅਦਾ ਕਰਨਾ ਪਏਗਾ। ਤੁਹਾਨੂੰ ਦੱਸ ਦੇਈਏ ਕਿ ਇਹ ਚਾਰਜ ਅੱਜ ਤੋਂ ਨਹੀਂ ਬਲਕਿ ਚਾਰ ਦਿਨ ਬਾਅਦ ਯਾਨੀ 5 ਮਾਰਚ 2022 ਤੋਂ ਲਾਗੂ ਹੋਣਗੇ।