ਕਿਸਾਨਾਂ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨੀ ਲਈਆਂ ਹਨ। ਪੰਜਾਬ ਸਰਕਾਰ ਨੇ 32 ਕਿਸਾਨ ਸੰਗਠਨਾਂ ਦੀਆਂ 17 ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੀਐੱਮ ਚਰਨਜੀਤ ਚੰਨੀ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਨਾਲ ਮੀਟਿੰਗ ਹੋਈ ਹੈ। ਕਿਸਾਨਾਂ ਵੱਲੋਂ 18 ਨੁਕਤੇ ਭੇਜੇ ਗਏ ਸਨ, ਜਿਸ ਵਿੱਚ ਉਨ੍ਹਾਂ ਦੀਆਂ 17 ਮੰਗਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਕਿਸਾਨਾਂ ਨੇ ਸਰਕਾਰੀ ਨੌਕਰੀਆਂ ਵਿੱਚ ਗੈਰ-ਪੰਜਾਬੀਆਂ ਦੀ ਭਰਤੀ ਵੀ ਬੰਦ ਕਰਨ ਦੀ ਮੰਗ ਰੱਖੀ ਸੀ, ਜਿਸ ਨੂੰ ਸਰਕਾਰ ਨੇ ਮੰਨ ਲਿਆ ਹੈ।
ਕਿਸਾਨੀ ਅੰਦੋਲਨ ਅਤੇ ਪਰਾਲੀ ਸਾੜਨ ਕਰਕੇ ਹੋਏ ਸਾਰੇ ਪਰਚੇ ਰੱਦ ਕੀਤੇ ਜਾਣਗੇ। ਇੰਨਾ ਹੀ ਨਹੀਂ ਮੁੱਖ ਮੰਤਰੀ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕਿਸਾਨ ਕਹਿਣ ਤਾਂ ਅਸਤੀਫਾ ਦੇ ਕੇ ਅੰਦੋਲਨ ਨਾਲ ਜਾਣ ਨੂੰ ਵੀ ਤਿਆਰ ਹਾਂ। ਸੁੰਡੀ ਕਾਰਨ ਨਰਮਾ ਖਰਾਬ ਹੋਣ ਵਾਲੇ ਕਿਸਾਨ ਨੂੰ 17000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਸ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਨਰਮਾ ਚੁਗਨ ਵਾਲੇ ਮਜ਼ਦੂਰ ਨੂੰ 10 ਫੀਸਦੀ ਮੁਆਵਜ਼ਾ ਵੀ ਦਿੱਤਾ ਜਾਵੇਗਾ। ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਇਕ ਵਾਰ ਫਿਰ ਕਿਸਾਨਾਂ ਨਾਲ ਮੀਟਿੰਗ ਹੋਵੇਗੀ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇਗੀ। ਸਬਜ਼ੀ ਬੀਜਣ ਵਾਲੇ ਕਿਸਾਨਾਂ ਨੂੰ ਮੁਫਤ ਮਿਲੇਗੀ ਬਿਜਲੀ। ਗੰਨਾ ਕਿਸਾਨਾਂ ਨੂੰ ਮਿਲਣਗੇ 360 ਰੁਪਏ ਪ੍ਰਤੀ ਕੁਇੰਟਲ, ਇਸ ਵਿੱਚੋਂ 35 ਰੁਪਏ ਸਰਕਾਰ ਦੇਵੇਗੀ ਤਾਂ ਜੋ ਮਿੱਲਾਂ ਜਲਦ ਭੁਗਤਾਨ ਕਰਨ। ਪੰਜਾਬ ‘ਚ ਪੰਜਾਬੀ ਨੌਜਵਾਨਾਂ ਦੀ ਭਰਤੀ ਲਈ ਹਫਤੇ ਭਰ ਵਿੱਚ ਲਿਆਂਦਾ ਜਾਵੇਗਾ ਕਾਨੂੰਨ।