ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਸਰਕਾਰ ਨੇ ਅਪਰਾਧਿਕ ਕੇਸ ਦਰਜ ਕੀਤਾ ਹੈ। ਅਕਾਲੀ ਆਗੂ ਖ਼ਿਲਾਫ਼ ਇੱਥੋਂ ਦੇ ਫੇਜ਼-4 ਸਥਿਤ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਥਾਣੇ ਵਿੱਚ ਕੇਸ ਦਰਜ ਕੀਤਾ ਹੈ। ਬਿਊਰੋ ਆਫ ਇਨਵੈਸਟੀਗੇਸ਼ਨ ਨੇ ਡਰੱਗਜ਼ ਮਾਮਲੇ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਸਾਬਕਾ ਅਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਹੈ। ਮਜੀਠੀਆ ਖ਼ਿਲਾਫ਼ ਐਨਡੀਪੀਐਸ ਦੀ ਧਾਰਾ 25, 27ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਜੀਠੀਆ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਖਿਲਾਫ ਸਟੇਟ ਕ੍ਰਾਈਮ ਸੈੱਲ ਫੇਜ਼-4 ਵਿੱਚ 49 ਪੰਨਿਆਂ ਦੀ ਐਫਆਈਆਰ ਨੰਬਰ-2 ਦਰਜ ਕੀਤੀ ਗਈ ਹੈ। ਮਜੀਠੀਆ ‘ਤੇ ਦੋਸ਼ ਹਨ ਕਿ ਉਸ ਨੇ ਆਪਣੀ ਜਾਇਦਾਦ ਅਤੇ ਵਾਹਨਾਂ ਰਾਹੀਂ ਨਸ਼ਾ ਤਸਕਰੀ ‘ਚ ਮਦਦ ਕੀਤੀ ਸੀ। ਮਜੀਠੀਆ ਨੇ ਨਸ਼ਿਆਂ ਦੀ ਵੰਡ ਅਤੇ ਵਿਕਰੀ ਲਈ ਵਿੱਤੀ ਸਹਾਇਤਾ ਕੀਤੀ। ਨਸ਼ਾ ਤਸਕਰੀ ਦੀ ਪੂਰੀ ਸਾਜ਼ਿਸ਼ ਰਚੀ ਸੀ। ਇਲਜ਼ਾਮ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਐਨ.ਆਰ.ਆਈਜ਼ ਅੰਮ੍ਰਿਤਸਰ ਵਿੱਚ ਮਜੀਠੀਆ ਦੇ ਘਰ ਰਹਿੰਦੇ ਸਨ। ਜਿੱਥੇ ਉਨ੍ਹਾਂ ਨੂੰ ਇਨੋਵਾ ਅਤੇ ਗੰਨਮੈਨ ਵੀ ਦਿੱਤੇ ਗਏ। ਚੰਡੀਗੜ੍ਹ ਦੇ ਸੈਕਟਰ 39 ਸਥਿਤ ਸਰਕਾਰੀ ਘਰ ਵਿੱਚ ਨਸ਼ਾ ਤਸਕਰ ਲਗਾਤਾਰ ਠਹਿਰਦੇ ਰਹੇ। ਇਹ ਮਾਮਲਾ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਮੁਲਜ਼ਮ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।
ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ਦੇ ਆਧਾਰ ‘ਤੇ ਮਜੀਠੀਆ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹ ਰਿਪੋਰਟ 2018 ਵਿੱਚ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। ਮਜੀਠੀਆ ਦੇ ਨਾਂ ਦਾ ਵੀ ਦਾਅਵਾ ਕੀਤਾ ਗਿਆ ਹੈ। ਜਿਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਦਾਅਵਾ ਕਰਦੇ ਰਹੇ ਹਨ।