ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਮੰਗਲਵਾਰ ਸ਼ਾਮ ਕਰੀਬ 4 ਵਜੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਆਸ਼ੂ ਨੂੰ 27 ਅਗਸਤ ਤੱਕ ਵਿਜੀਲੈਂਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਆਸ਼ੂ ਨੂੰ ਸਖ਼ਤ ਸੁਰੱਖਿਆ ਵਿਚਕਾਰ ਲੁਧਿਆਣਾ ਦੀ ਅਦਾਲਤ ਵਿੱਚ ਲਿਆਂਦਾ ਗਿਆ ਸੀ। ਕਾਂਗਰਸੀ ਸਾਬਕਾ ਮੰਤਰੀ ਦੀ ਗ੍ਰਿਫਤਾਰੀ ਨੂੰ ਸਿਆਸੀ ਕਹਿ ਕੇ ਵਿਰੋਧ ਕਰ ਰਹੇ ਹਨ।
ਦੱਸ ਦੇਈਏ ਕਿ ਆਸ਼ੂ ਨੂੰ ਸੋਮਵਾਰ ਨੂੰ ਸੈਲੂਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਰ ਰਾਤ ਵਿਜੀਲੈਂਸ ਦਫ਼ਤਰ ਵਿੱਚ ਆਸ਼ੂ ਦੀ ਸਿਹਤ ਵੀ ਵਿਗੜ ਗਈ ਸੀ। ਗੁਰਪ੍ਰੀਤ ਸਿੰਘ ਨੇ ਸਟੇਟ ਵਿਜੀਲੈਂਸ ਨੂੰ ਆਸ਼ੂ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ ਕਿ ਆਸ਼ੂ ਨੇ ਆਪਣੇ ਕੁਝ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਟੈਂਡਰ ਵੰਡਣ ਵਿੱਚ ਧਾਂਦਲੀ ਕੀਤੀ ਸੀ।
ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਆਸ਼ੂ ਵਿਰੁੱਧ ਧਾਰਾ 420, 409, 467, 468, 471, 120-ਬੀ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7,8,12,13 ਦੇ ਤਹਿਤ ਆਸ਼ੂ ਥਾਣਾ ਲੁਧਿਆਣਾ ਵਿਖੇ ਐਫ.ਆਈ.ਆਰ ਦਰਜ ਕੀਤੀ ਸੀ। ਇਸ ਮਾਮਲੇ ਵਿੱਚ ਠੇਕੇਦਾਰਾਂ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਗੀਦਾਰ ਹਨ। ਠੇਕੇਦਾਰ ਤੇਲੂਰਾਮ ਪੁਲੀਸ ਹਿਰਾਸਤ ਵਿੱਚ ਹੈ, ਜਿਸ ਤੋਂ ਪੁੱਛਗਿੱਛ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਸਾਹਮਣੇ ਆਇਆ ਹੈ।