ਸ਼ਹੀਦ ਊਧਮ ਸਿੰਘ ਦੇ 84ਵੇਂ ਰਾਜ ਪੱਧਰੀ ਸ਼ਹੀਦੀ ਦਿਵਸ ਸਬੰਧੀ ਸਮਾਗਮ ਸੋਮਵਾਰ ਨੂੰ ਮਹਾਰਾਜਾ ਪੈਲੇਸ ਵਿਖੇ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਭਗਵੰਤ ਮਾਨ ਪੁੱਜੇ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸੋਚ ਨੂੰ ਜਿਉਂਦਾ ਰੱਖਿਆ ਜਾਵੇਗਾ। ਦੇਸ਼ ਦੀ ਰਾਜਨੀਤੀ ਵਿੱਚ ਹੁਣ ਪੰਜਾਬੀਆਂ ਦਾ ਅਹਿਮ ਯੋਗਦਾਨ ਹੋਵੇਗਾ। ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸੁਨੀਲ ਜਾਖੜ ਅਤੇ ਕੇਂਦਰ ਦੀ ਭਾਜਪਾ ਸਰਕਾਰ ਮੁੱਖ ਮੰਤਰੀ ਦੇ ਨਿਸ਼ਾਨੇ ’ਤੇ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸੋਚ ਨਾਲ ਉਨ੍ਹਾਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ, ਉਹ ਅੱਜ ਵੀ ਉਸ ‘ਤੇ ਕਾਇਮ ਹਨ। ਮਨਪ੍ਰੀਤ ਬਾਦਲ ਉਨ੍ਹਾਂ ਨੂੰ ਡ੍ਰਾਮੇਬਾਜ਼ ਕਹਿ ਰਹੇ ਹਨ, ਪਰ ਮਨਪ੍ਰੀਤ ਬਾਦਲ ਸਭ ਤੋਂ ਵੱਡਾ ਡ੍ਰਾਮੇਬਾਜ਼ ਹੈ। ਜਿਸ ਕੋਲ ਸੱਤਾ ਹੁੰਦੀ ਹੈ, ਉਹ ਓਸੇ ਪਾਰਟੀ ਦੇ ਹੋ ਜਾਂਦੇ ਹਨ। ਪਰ ਪੰਜਾਬੀਆਂ ਦੇ ਕਦੇ ਨਹੀਂ ਹੋਏ। ਮਨਪ੍ਰੀਤ ਬਾਦਲ ਨੂੰ ਇਸ ਲਈ ਆਸਕਰ ਐਵਾਰਡ ਮਿਲਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦਾ ਆਰਥਿਕ ਨੁਕਸਾਨ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਾਖੜ ਦੀ ਟੀਮ ਜੋ ਪੰਜਾਬ ਦੇ ਰਾਜਪਾਲ ਨੂੰ ਮਿਲਣ ਗਈ ਸੀ, ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਾਂਗਰਸੀ ਹਨ ਜਾਂ ਭਾਜਪਾ ਵਾਲੇ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਪੰਜਾਬੀਆਂ ਦਾ ਯੋਗਦਾਨ ਅਹਿਮ ਰਿਹਾ ਹੈ। ਇਸ ਦੇ ਲਈ ਵੱਡੇ ਪੱਧਰ ‘ਤੇ ਮੰਥਨ ਚੱਲ ਰਿਹਾ ਹੈ।